
ਮੇਰਾ ਆਪਣਾ ਪੰਜਾਬ-ਜਲੰਧਰ-(22 ਜੁਲਾਈ)-(ਪੱਤਰ ਪ੍ਰੇਰਕ): ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਐਲਾਨ ਕੀਤਾ ਹੈ ਕਿ , ਬੇਜ਼ਮੀਨੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਣਗੌਲਿਆ ਕਰਨ ਵਿਰੁੱਧ 5 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਕੇ, ਮੁੱਖ ਮੰਤਰੀ ਦੀ ਜਲੰਧਰ ਸਥਿਤ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਮੀਟਿੰਗ ਤੋਂ ਉਪਰੰਤ ਪ੍ਰੈਸ ਮਿਲਣੀ ਦੌਰਾਨ ਮਜ਼ਦੂਰ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵੇਲੇ ਤੋਂ ਲੈਕੇ ਮਜ਼ਦੂਰ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰਦੀਆਂ ਆ ਰਹੀਆਂ ਹਨ, ਪਰ ਲਾਰਿਆਂ ਅਤੇ ਫੋਕੇ ਵਾਅਦਿਆਂ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪਿਆ, ਉਨ੍ਹਾਂ ਕਿਹਾ ਪੰਜ ਵਾਰ ਮੁੱਖ ਮੰਤਰੀ ਪੰਜਾਬ ,ਮੀਟਿੰਗ ਦਾ ਸੱਦਾ ਦੇ ਕੇ ਮੁਕਰ ਜਾਂਦੇ ਰਹੇ ਅਤੇ ਕੈਬਨਿਟ ਸਬ ਕਮੇਟੀ ਵਲੋਂ ਮੀਟਿੰਗਾਂ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ, ਜਿਸ ਦਾ ਮਜ਼ਦੂਰਾਂ ਦੇ ਮਨਾਂ ਅੰਦਰ ਭਾਰੀ ਰੋਸ ਹੈ। ਸੂਬਾਈ ਆਗੂਆਂ, ਸਰਵਸਾਥੀ ਦਰਸ਼ਨ ਨਾਹਰ ( ਸੂਬਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ) ਜੋਰਾ ਸਿੰਘ ਨਸਰਾਲੀ ( ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ) ਗੋਬਿੰਦ ਸਿੰਘ ਛਾਜਲੀ ( ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ) ਕਸ਼ਮੀਰ ਸਿੰਘ ਘੁਗਸੋ਼ਰ (ਪ੍ਰੈਸ ਸਕੱਤਰ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ) ਦੇਵੀ ਕੁਮਾਰੀ ਸਰਹਾਲੀ ਕਲਾਂ ( ਸੂਬਾ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ) ਗੁਰਬਿੰਦਰ ਸਿੰਘ ਬੌੜਾਂ ( ਸੂਬਾ ਸਕੱਤਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ) ਚਮਕੌਰ ਸਿੰਘ ਖੇੜੀ ( ਸੂਬਾ ਸਕੱਤਰ ਕੁਲ ਹਿੰਦ ਖੇਤ ਮਜਦੂਰ ਯੂਨੀਅਨ ) ਪ੍ਰਗਟ ਸਿੰਘ ਕਾਲਾ ਝਾੜ (ਸੂਬਾ ਆਗੂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ )ਨੇ ਕਿਹਾ ਕਿ ਮਜ਼ਦੂਰਾਂ ਲਈ ਸਾਲ ਭਰ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਨਵੇਂ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਕੇ ਮਨਰੇਗਾ ਕਾਨੂੰਨ ਨੂੰ ਬਹਾਲ ਕਰਕੇ ਬਾਲਗ ਜੀਆਂ ਨੂੰ ਪ੍ਰਤੀ ਦਿਨ 700/- ਰੁਪਏ ਦਿਹਾੜੀ ਦੇਣ, ਵਿਧਵਾ ਬੁਢਾਪਾ ਅੰਗਹੀਣ ਪੈਨਸ਼ਨ 5000/- ਮਹੀਨਾ ਕਰਨ, ਔਰਤਾਂ ਦੇ ਖਾਤੇ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਦਾ ਬਕਾਇਆ ਪਾਉਣ , ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਅਤੇ ਮਕਾਨ ਉਸਾਰੀ ਲਈ ਗਰਾਂਟ ਦੇਣ ,ਪੰਚਾਇਤੀ ਜ਼ਮੀਨਾਂ ‘ਚੋਂ ਰਾਖਵੇਂ ਹਿੱਸੇ ਦੀ ਜ਼ਮੀਨ ਮਜ਼ਦੂਰਾਂ ਨੂੰ ਦੇਣ ਅਤੇ ਜ਼ਮੀਨ ਹੱਦ ਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਅਤੇ ਥੁੜ ਜ਼ਮੀਨੇ ਕਿਸਾਨਾਂ ‘ਚ ਵੰਡਣ , ਮਜ਼ਦੂਰਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਮਾਫ਼ ਕਰਨ ਅਤੇ ਕਿਰਤ ਕਾਨੂੰਨਾਂ ਨੂੰ ਮੁੜ ਬਹਾਲ ਕਰਨ ਅਤੇ ਨਵੇਂ ਚਾਰ ਲੇਬਰ ਕੋਡ ਰੱਦ ਕਰਨ ਵਰਗੀਆਂ ਮੰਗਾਂ ‘ਤੇ ਮਜ਼ਦੂਰ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਪਹਿਲੀਆਂ ਸਰਕਾਰਾਂ ਵਾਂਗ ਹੀ ਮੌਜੂਦਾ ਸਰਕਾਰ ਵੀ ਮਜ਼ਦੂਰ ਮੰਗਾਂ ਨੂੰ ਦਰਕਿਨਾਰ ਕਰਕੇ ਮਜ਼ਦੂਰਾਂ ਨਾਲ ਵਿਤਕਰਾ ਕਰ ਰਹੀ ਹੈ। ਮਜ਼ਦੂਰ ਆਗੂਆਂ ਨੇ ਕਿਹਾ ਸਦੀਆਂ ਤੋਂ ਜਾਤੀ ਪਾਤੀ ਵਿਤਕਰੇ, ਸਰਕਾਰੀ ਤੇ ਜਾਗੀਰੂ ਜਬਰ ਦੇ ਸਤਾਏ ਬੇਜ਼ਮੀਨੇ ਮਜ਼ਦੂਰ ਅੱਜ ਵੀ ਅੱਤ ਦੀ ਮਹਿੰਗਾਈ, ਇਲਾਜ ਕਰਵਾਉਣ ਤੋਂ ਅਸਮਰਥ , ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਅਤੇ ਰੋਜ਼ਾਨਾ ਜੀਵਨ ਲੋੜਾਂ ਪੂਰੀਆਂ ਕਰਨ ਤੋਂ ਅਸਮਰਥ ਹਨ ਅਤੇ ਕਰਜੇ ਹੇਠ ਦੱਬੇ ਹੋਏ ਹਨ ਪਰ ਸਰਕਾਰਾਂ ਫੋਕੇ ਦਾਅਵੇ ਕਰਕੇ ਵਿਕਾਸ ਦੇ ਦਮਗਜੇ ਮਾਰਕੇ ਮਜ਼ਦੂਰਾਂ ਦੀਆਂ ਵੋਟਾਂ ਬਟੋਰਨ ਦੇ ਆਹਰ ਵਿੱਚ ਲੱਗੀਆਂ ਹੋਈਆਂ ਹਨ। ਮਜ਼ਦੂਰ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਮੋਦੀ ਸਰਕਾਰ ਵਲੋਂ ਤੇਜ਼ੀ ਨਾਲ ਮਜ਼ਦੂਰ/ ਦਲਿਤ ਵਿਰੋਧੀ ਕਾਨੂੰਨ ਬਣਾਏ ਤੇ ਲਾਗੂ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਅਜਿਹਾ ਕਰਕੇ ਅਸਲ ਵਿੱਚ ਸਦੀਆਂ ਪੁਰਾਣੇ ਮਨੁਵਾਦੀ ਵਿਵਸਥਾ ਨੂੰ ਲਾਗੂ ਕਰ ਰਹੇ ਹਨ।ਉਹਨਾਂ ਕਿਹਾ ਕਿ 5 ਅਗਸਤ ਨੂੰ ਪੰਜਾਬ ਭਰ ‘ਚੋਂ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਰੈਲੀ ਅਤੇ ਮੁਜ਼ਾਹਰੇ ਵਿੱਚ ਸਾਮਲ ਹੋਣਗੇ , ਮਜ਼ਦੂਰ ਆਗੂਆਂ ਨੇ ਪੰਜਾਬ ਪੱਧਰ ‘ਤੇ ਸਫਾਈ ਮਜ਼ਦੂਰਾਂ ਦੀ ਚੱਲ ਰਹੀ ਹੜਤਾਲ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਦੇ ਸਫ਼ਾਈ ਮਜ਼ਦੂਰਾਂ ਵਿਰੋਧੀ ਰਵੱਈਏ ਦੀ ਨਿਖੇਧੀ ਕੀਤੀ, ਉੱਥੇ ਪੰਜਾਬ ਭਰ ਵਿੱਚ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ, ਕੱਚੇ ਮੁਲਾਜ਼ਮਾਂ, ਖੇਤ ਮਜ਼ਦੂਰਾਂ ‘ਤੇ ਪੁਲਿਸ ਜ਼ਬਰ ਦੀ ਨਿਖੇਧੀ ਕੀਤੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਾਥੀ ਬਲਦੇਵ ਨੂਰਪੁਰੀ ,ਗਿਆਨ ਸੈਦਪੁਰੀ , ਹਰਮੇਸ਼ ਮਾਲੜੀ , ਹਰਬੰਸ ਸਿੰਘ ਧੂਤ, ਸੋਡੀ ਲਾਲ ਉੱਪਲ ਵੀ ਹਾਜ਼ਰ ਸਨ।
