
ਮੇਰਾ ਆਪਣਾ ਪੰਜਾਬ (ਜਲੰਧਰ)-12 ਸਤੰਬਰ-(ਨਵਜੋਤ ਮੱਟੂ): ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਪਾਵਰ ਕਾਰਪੋਰੇਸ਼ਨ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਮਹੀਨਾਵਾਰ ਮੀਟਿੰਗ ਪਟਿਆਲਾ ਸਰਕਲ ਦੇ ਪ੍ਰਧਾਨ ਅਤੇ ਸੂਬਾ ਦਫ਼ਤਰ ਸਕੱਤਰ ਸ਼ਿਵਦੇਵ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਹੈੱਡਕੁਆਰਟਰ ਪੀ-3, 66 ਕੇ.ਵੀ. ਗਰਿਡ ਕਲੋਨੀ ਵਿਖੇ ਹੋਈ। ਮੀਟਿੰਗ ਵਿੱਚ ਪਟਿਆਲਾ ਸਰਕਲ ਦੇ ਵੱਖ-ਵੱਖ ਮੰਡਲਾਂ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਬੀ.ਐਸ. ਸੇਖੋਂ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲੰਮੇ ਸਮੇਂ ਤੋਂ ਲਟਕ ਰਹੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਜਾਣਬੁੱਝ ਕੇ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 3 ਅਗਸਤ 2026 ਨੂੰ ਇਤਿਹਾਸਕ ਫ਼ੈਸਲਾ ਦਿੰਦਿਆਂ ਸਰਕਾਰ ਨੂੰ 15 ਦਿਨਾਂ ਦੇ ਅੰਦਰ-ਅੰਦਰ ਮੁਲਾਜ਼ਮਾਂ ਦਾ 18 ਫੀਸਦੀ ਮਹਿੰਗਾਈ ਭੱਤਾ (DA) ਦੇਣ ਦੇ ਸਖ਼ਤ ਹੁਕਮ ਦਿੱਤੇ ਸਨ। ਅਦਾਇਗੀ ਨਾ ਹੋਣ ਦੀ ਸੂਰਤ ਵਿੱਚ ਬਣਦੀ ਰਕਮ ’ਤੇ 6 ਫ਼ੀਸਦੀ ਵਿਆਜ ਦੇਣ ਦੀ ਹਦਾਇਤ ਵੀ ਕੀਤੀ ਗਈ ਸੀ। ਪਰ ਪੰਜਾਬ ਸਰਕਾਰ ਨੇ ਇਸ ਫ਼ੈਸਲੇ ਨੂੰ ਮੰਨਣ ਦੀ ਬਜਾਏ ਸੁਪਰੀਮ ਕੋਰਟ ਵਿੱਚ ਰਿੱਟ ਦਾਖ਼ਲ ਕਰਕੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਹੈ ਅਤੇ ਅਦਾਲਤੀ ਹੁਕਮਾਂ ਦੀ ਤੌਹੀਨ ਕੀਤੀ ਹੈ।
ਫੈਡਰੇਸ਼ਨ ਆਗੂਆਂ ਨੇ ਰੋਸ ਜ਼ਾਹਰ ਕੀਤਾ ਕਿ ਸ਼ਾਂਤਮਈ ਤਰੀਕੇ ਨਾਲ ਕਲਮ ਛੋੜ ਹੜਤਾਲ ਕਰ ਰਹੇ ਮੁੱਖ ਆਗੂਆਂ ਸੁਖਚੈਨ ਸਿੰਘ ਖਹਿਰਾ ਅਤੇ ਹੋਰ ਚੋਟੀ ਦੇ ਲੀਡਰਾਂ ਦੀਆਂ ਸਕੱਤਰੇਤ ਤੋਂ ਬਾਹਰ ਜ਼ਬਰਦਸਤੀ ਬਦਲੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਦੀਆਂ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।
2027 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ ਖ਼ਮਿਆਜ਼ਾ
ਮੀਟਿੰਗ ਵਿੱਚ ਸਰਬਸੰਮਤੀ ਨਾਲ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਨੇ ਜਲਦ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਨਾ ਕੱਢਿਆ ਤਾਂ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਡਟ ਕੇ ਵਿਰੋਧ ਕਰਨਗੇ ਅਤੇ ਨਤੀਜੇ 2022 ਨਾਲੋਂ ਉਲਟ ਹੋਣਗੇ।
ਫੈਡਰੇਸ਼ਨ ਨੇ ਸੂਬੇ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦਿਨ-ਦਿਹਾੜੇ ਲੁੱਟਾਂ-ਖੋਹਾਂ ਅਤੇ ਕਤਲ ਹੋ ਰਹੇ ਹਨ, ਜਦੋਂ ਕਿ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ’ਤੇ ਅਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ।
ਮੀਟਿੰਗ ਵਿੱਚ ਬਲਵਿੰਦਰ ਸਿੰਘ ਪਸਿਆਣਾ (ਸੂਬਾ ਮੀਤ ਪ੍ਰਧਾਨ), ਬੀ.ਐਸ. ਸੇਖੋਂ (ਸੂਬਾ ਜਨਰਲ ਸਕੱਤਰ), ਬ੍ਰਿਜ ਮੋਹਨ ਚੋਪੜਾ (ਸਰਕਲ ਸਕੱਤਰ), ਜਗਦੀਸ਼ ਸਿੰਘ, ਬਲਜਿੰਦਰ ਸਿੰਘ, ਬਰਜਿੰਦਰ ਸਿੰਘ ਜੇ.ਈ., ਪੱਪੀ, ਸੁਰਿੰਦਰ ਕੁਮਾਰ ਸ਼ਰਮਾ (ਸਾਬਕਾ ਕੈਸ਼ੀਅਰ), ਸੁਰਜੀਤ ਸਿੰਘ, ਸੁਰਿੰਦਰ ਸਿੰਘ ਜੇ.ਈ., ਸੁਮਨਪ੍ਰੀਤ ਸਿੰਘ ਐਸ.ਡੀ.ਓ., ਹਰਬੰਸ ਸਿੰਘ, ਗੁਰਚਰਨ ਸਿੰਘ ਬਾਬਾ, ਬੇਦੀ ਸਾਹਿਬ ਅਤੇ ਗੁਰਭਜਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।