
ਮੇਰਾ ਆਪਣਾ ਪੰਜਾਬ- 11 ਅਕਤੂਬਰ-(ਬਿਊਰੋ): ਕੌਕਰੇਚ ਜਨਤਾ ਪਾਰਟੀ (CJP) ਦੇ ਆਗੂਆਂ, ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ ਅਤੇ ਸੌਰਵ ਦਾਸ ਨੂੰ ਐਤਵਾਰ ਨੂੰ ਦਿੱਲੀ ਕੈਂਟ ਪੁਲੀਸ ਸਟੇਸ਼ਨ ਵਿਖੇ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤੇ ਜਾਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ।
ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਦੌਰਾਨ ਕਥਿਤ ਬੇਨਿਯਮੀਆਂ ਦੇ ਮੁੱਦੇ ’ਤੇ ਜੰਤਰ-ਮੰਤਰ ਵਿਖੇ ਪਾਰਟੀ ਦੇ ਪ੍ਰਦਰਸ਼ਨ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਦਿੱਲੀ ਪੁਲਿਸ ਅਨੁਸਾਰ, ਇਨ੍ਹਾਂ ਨੂੰ CrPC ਦੀਆਂ ਧਾਰਾਵਾਂ 107 ਅਤੇ 151 ਤਹਿਤ ਇਹਤਿਆਤਨ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਪੁਲਿਸ ਵੱਲੋਂ ਪਹਿਲਾਂ ਹੀ ਸਪੱਸ਼ਟ ਕੀਤਾ ਗਿਆ ਸੀ ਕਿ ਕੋਈ ਰਸਮੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਸੀ। ਸਵੇਰੇ ਕਰੀਬ 9 ਵਜੇ ਮੈਜਿਸਟ੍ਰੇਟ ਅੱਗੇ ਪੇਸ਼ੀ ਉਪਰੰਤ ਉਨ੍ਹਾਂ ਨੂੰ ਰਿਹਾਈ ਮਿਲ ਗਈ ਹੈ। ਪਾਰਟੀ ਆਗੂਆਂ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਚੋਣ ਕਮਿਸ਼ਨਰ ਅਹੁਦਾ ਨਹੀਂ ਛੱਡਦੇ, ਉਦੋਂ ਤੱਕ ਦੇਸ਼ ਭਰ ਵਿੱਚ ਪ੍ਰਦਰਸ਼ਨ ਜਾਰੀ ਰਹਿਣਗੇ।
ਪੁਲਿਸ ਕਾਰਵਾਈ ਦੇ ਬਾਵਜੂਦ ਵੀ ਪ੍ਰਦਰਸ਼ਨਕਾਰੀ ਅਟੱਲ:
ਸ਼ਨੀਵਾਰ ਨੂੰ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਅਤੇ ਭਾਰੀ ਬੈਰੀਕੇਡਿੰਗ ਦੌਰਾਨ CJP ਦੇ ਕੌਮੀ ਸੰਗਠਨ ਇੰਚਾਰਜ ਅਜਿੰਕਿਆ ਸ਼ਿੰਦੇ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਭਾਵੇਂ ਜਿੰਨੇ ਮਰਜ਼ੀ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਵੇ, ਪਰ ਅੰਦੋਲਨ ਰੁਕੇਗਾ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੇ ਦਿੱਲੀ ਨੂੰ ‘ਛਾਉਣੀ’ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ 15,000 ਤੋਂ ਵੱਧ ਵਿਦਿਆਰਥੀਆਂ, ਕਾਰਕੁਨਾਂ ਤੇ ਸਿਆਸੀ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਦਰਸ਼ਨ ਨੂੰ ਦਬਾਉਣ ਲਈ ਮੈਟਰੋ ਸਟੇਸ਼ਨ ਬੰਦ ਕੀਤੇ ਗਏ, ਰੇਲ ਸੇਵਾਵਾਂ ਪ੍ਰਭਾਵਿਤ ਕੀਤੀਆਂ ਗਈਆਂ ਅਤੇ ਸਿਗਨਲ ਜੈਮਰਾਂ ਦੀ ਵਰਤੋਂ ਕੀਤੀ ਗਈ।
ਵਿਰੋਧੀ ਧਿਰਾਂ ਅਤੇ ਸਿਵਲ ਸੁਸਾਇਟੀ ਦੀ ਸਾਂਝੀ ਆਵਾਜ਼:
ਨੈਸ਼ਨਲ ਕਾਂਗਰਸ ਪਾਰਟੀ (NCP) ਦੇ ਬੁਲਾਰੇ ਅਨੀਸ਼ ਗਵਾਂਡੇ ਨੇ ਇਸ ਮੌਕੇ ਕਿਹਾ ਕਿ ਚੋਣ ਕਮਿਸ਼ਨਰ ਵਿਰੁੱਧ ਚੱਲ ਰਹੇ ਇਸ ਸੰਘਰਸ਼ ਵਿੱਚ ਸਿਵਲ ਸੁਸਾਇਟੀ ਅਤੇ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਇਕਜੁੱਟ ਹਨ ਅਤੇ ਸਰਕਾਰ ਵੱਲੋਂ ਇਨ੍ਹਾਂ ਵਿੱਚ ਪਾੜਾ ਪਾਉਣ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ। ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਦੇ ਸ੍ਰਿਜਨ ਭੱਟਾਚਾਰੀਆ ਨੇ ਵੀ ਤਾਨਾਸ਼ਾਹੀ ਖ਼ਿਲਾਫ਼ ਵਿਆਪਕ ਏਕਤਾ ਬਣਾਉਣ ਦਾ ਹੋਕਾ ਦਿੱਤਾ।
ਟਰੈਫ਼ਿਕ ਅਤੇ ਸੁਰੱਖਿਆ ਪ੍ਰਤੀ ਚਿਤਾਵਨੀ:
CJP ਦੇ ਅੱਜ ਦੇ ਤਾਜ਼ਾ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਟਰੈਫਿਕ ਪੁਲਿਸ ਨੇ ਨਵੀਂ ਦਿੱਲੀ ਅਤੇ ਕੇਂਦਰੀ ਦਿੱਲੀ ਵਿੱਚ ਐਤਵਾਰ ਨੂੰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਸਵੇਰੇ 6 ਵਜੇ ਤੋਂ ਆਵਾਜਾਈ ਵਿੱਚ ਬਦਲਾਅ (ਡਿਵਰਸ਼ਨ) ਕੀਤੇ ਜਾ ਸਕਦੇ ਹਨ। ਪੁਲਿਸ ਨੇ ਯਾਤਰੀਆਂ ਨੂੰ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਹਵਾਈ ਅੱਡੇ ਵੱਲ ਜਾਣ ਸਮੇਂ ਵਾਧੂ ਸਮਾਂ ਲੈਣ ਅਤੇ ਗ਼ੈਰ-ਜ਼ਰੂਰੀ ਸਫ਼ਰ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।
