
ਮੇਰਾ ਆਪਣਾ ਪੰਜਾਬ : 27 ਅਕਤੂਬਰ-(ਬਿਊਰੋ): ਫ਼ਰੀਦਕੋਟ ਦੇ ਮਹਾਤਮਾ ਗਾਂਧੀ ਸਕੂਲ ਵਿੱਚ ਗਰੁੱਪ ਡੀ ਮੁਲਾਜ਼ਮਾਂ ਦੀ ਭਰਤੀ ਪ੍ਰੀਖਿਆ ਦੌਰਾਨ ਬਾਇਓਮੈਟ੍ਰਿਕ ਪਛਾਣ ਵਿੱਚ ਗੜਬੜੀ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਪੁਲਿਸ ਦੀ ਰੋਜ਼ਾਨਾ ਕ੍ਰਾਈਮ ਰਿਪੋਰਟ ਅਨੁਸਾਰ ਜੇਲ੍ਹ ਸੁਪਰਡੈਂਟ ਜਸਵਿੰਦਰ ਸਿੰਘ ਨੇ ਦੱਸਿਆ ਕਿ 25 ਅਕਤੂਬਰ ਨੂੰ ਪ੍ਰੀਖਿਆ ਕੇਂਦਰ ਵਿੱਚ ਡਿਊਟੀ ਦੌਰਾਨ ਉਮੀਦਵਾਰ ਅਮਨ ਸਿੰਘ ਦੀ ਬਾਇਓਮੈਟ੍ਰਿਕ ਪਛਾਣ ਵਾਰ-ਵਾਰ ਮੇਲ ਨਹੀਂ ਖਾ ਰਹੀ ਸੀ। ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਕੀਤੀ ਗਈ ਮੁੜ ਜਾਂਚ ਦੌਰਾਨ ਇਹ ਧੋਖਾਧੜੀ ਉਜਾਗਰ ਹੋਈ।
ਜਾਂਚ ਮੁਤਾਬਕ ਅਮਨ ਸਿੰਘ ਨੇ ਆਪ ਪ੍ਰੀਖਿਆ ਦੇਣ ਦੀ ਬਜਾਏ ਗੁਰਮੀਤ ਸਿੰਘ ਨਾਂ ਦੇ ਵਿਅਕਤੀ ਤੋਂ ਪੇਪਰ ਦਿਵਾਇਆ ਸੀ। ਪੁਲਿਸ ਨੇ ਅਮਨ ਸਿੰਘ (ਪੁੱਤਰ ਵਜ਼ੀਰ ਸਿੰਘ, ਵਾਸੀ ਭਾਨ ਸਿੰਘ ਕਾਲੋਨੀ, ਫ਼ਾਜ਼ਿਲਕਾ) ਅਤੇ ਗੁਰਮੀਤ ਸਿੰਘ (ਪੁੱਤਰ ਬੱਗਾ ਸਿੰਘ, ਵਾਸੀ ਫ਼ਾਜ਼ਿਲਕਾ) ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
