ਮੇਰਾ ਆਪਣਾ ਪੰਜਾਬ: 22 ਨਵੰਬਰ- (ਬਿਊਰੋ): ਰਾਜਸਥਾਨ ਦੇ ਕੋਟਾ-ਉਦੈਪੁਰ ਕੌਮੀ ਮਾਰਗ ’ਤੇ ਸ਼ੰਭੂਪੁਰਾ ਨੇੜੇ ਐਤਵਾਰ ਤੜਕੇ ਇੱਕ ਤੇਜ਼ ਰਫ਼ਤਾਰ ‘ਕਰੂਜ਼ਰ’ ਗੱਡੀ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਇਸ ਭਿਆਨਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਘੱਟੋ-ਘੱਟ ਨੌਂ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕੋਟਾ ਸਿਟੀ ਦੀ ਪੁਲੀਸ ਸੁਪਰਡੈਂਟ (ਐੱਸ.ਪੀ.) ਤੇਜਸਵਨੀ ਗੌਤਮ ਹੋਰ ਅਧਿਕਾਰੀਆਂ ਸਮੇਤ ਮੌਕੇ ’ਤੇ ਪੁੱਜੇ ਅਤੇ ਗੱਡੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ।

ਮੁੱਢਲੀ ਜਾਂਚ ਤੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਗੱਡੀ ਚਲਾਉਂਦੇ ਸਮੇਂ ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਦੇ ਸ਼ਿਕਾਰ ਸਾਰੇ ਵਿਅਕਤੀ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਦੇ ਵਸਨੀਕ ਸਨ ਅਤੇ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਨ ਉਪਰੰਤ ਵਾਪਸ ਘਰ ਪਰਤ ਰਹੇ ਸਨ। ਕਰੂਜ਼ਰ ਗੱਡੀ ਵਿੱਚ ਬੱਚਿਆਂ ਸਮੇਤ ਪਰਿਵਾਰ ਦੇ ਕੁੱਲ 16 ਮੈਂਬਰ ਸਵਾਰ ਸਨ।

ਟਰੱਕ ਡਰਾਈਵਰ ਹਾਰੂਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਟਰੱਕ ਵਿੱਚ ਆਈ ਕਿਸੇ ਖ਼ਰਾਬੀ ਦੀ ਜਾਂਚ ਕਰਨ ਲਈ ਉਸ ਨੂੰ ਸੜਕ ਕਿਨਾਰੇ ਖੜ੍ਹਾ ਕਰਕੇ ਥੋੜ੍ਹੀ ਦੂਰੀ ’ਤੇ ਖੜ੍ਹਾ ਸੀ ਕਿ ਅਚਾਨਕ ਤੇਜ਼ ਰਫ਼ਤਾਰ ਕਰੂਜ਼ਰ ਨੇ ਟਰੱਕ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਉਸ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਸੜਕ ਤੋਂ ਕਰੀਬ 20 ਫੁੱਟ ਦੂਰ ਜਾ ਡਿੱਗਿਆ ਅਤੇ 10 ਮਿੰਟ ਬਾਅਦ ਹੋਸ਼ ਆਉਣ ’ਤੇ ਉਸ ਨੇ ਖ਼ੁਦ ਪੁਲੀਸ ਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਦੇ ਗੋਡਿਆਂ ਅਤੇ ਸਿਰ ’ਤੇ ਵੀ ਸੱਟਾਂ ਲੱਗੀਆਂ ਹਨ, ਜਦਕਿ ਬਾਕੀ ਜ਼ਖ਼ਮੀਆਂ ਨੂੰ ਇਲਾਜ ਲਈ ਨਿਊ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

By admin

Leave a Reply

Your email address will not be published. Required fields are marked *