

ਮੇਰਾ ਆਪਣਾ ਪੰਜਾਬ- ਚੰਡੀਗੜ੍ਹ-(13 ਜੂਨ): ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਅੱਜ ਡੈਮ ਵਿੱਚ ਪਾਣੀ ਦਾ ਪੱਧਰ 1576.22 ਫੁੱਟ ਦਰਜ ਕੀਤਾ ਗਿਆ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਕਰੀਬ 22 ਫੁੱਟ ਅਤੇ ਆਮ ਔਸਤ ਨਾਲੋਂ ਕਰੀਬ 30 ਫੁੱਟ ਵੱਧ ਹੈ। ਪਿਛਲੇ ਸਾਲ ਅੱਜ ਦੇ ਹੀ ਦਿਨ ਇਹ ਪੱਧਰ 1554.84 ਫੁੱਟ ਸੀ, ਜਦਕਿ ਔਸਤਨ ਇਹ 1546.18 ਫੁੱਟ ਹੋਣਾ ਚਾਹੀਦਾ ਹੈ। ਡੈਮ ਵਿੱਚ ਪਾਣੀ ਦੀ ਵੱਧ ਤੋਂ ਵੱਧ ਸਮਰੱਥਾ 1680 ਫੁੱਟ ਹੈ, ਜਿਸ ਨੂੰ ਲੋੜ ਪੈਣ ‘ਤੇ 1685 ਫੁੱਟ ਤੱਕ ਵਧਾਇਆ ਜਾ ਸਕਦਾ ਹੈ।
ਡੈਮ ਵਿੱਚ ਪਾਣੀ ਦੀ ਆਮਦ ਆਮ ਨਾਲੋਂ 19,074 ਕਿਊਸਿਕ ਵੱਧ ਦਰਜ ਕੀਤੀ ਗਈ ਹੈ। ਦੂਜੇ ਪਾਸੇ, ਅੱਜ ਭਾਖੜਾ ਤੋਂ 23,150 ਕਿਊਸਿਕ ਪਾਣੀ ਛੱਡਿਆ ਗਿਆ, ਜੋ ਕਿ 26,322 ਕਿਊਸਿਕ ਦੀ ਆਮ ਔਸਤ ਨਾਲੋਂ ਘੱਟ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਚੈਨਲ ਵਿੱਚ 12,350 ਕਿਊਸਿਕ, ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਵਿੱਚ 10,150 ਕਿਊਸਿਕ ਅਤੇ ਸਤਲੁਜ ਦਰਿਆ ਵਿੱਚ 600 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਸੂਬਿਆਂ ਨੂੰ ਵੱਧ ਪਾਣੀ ਲੈਣ ਦੀ ਬੇਨਤੀ
ਸਰਕਾਰੀ ਸੂਤਰਾਂ ਅਨੁਸਾਰ, ਭਾਖੜਾ ਬਿਆਸ ਪ੍ਰਬੰਧ ਬੋਰਡ (BBMB) ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਮੰਗ ਵਧਾ ਕੇ ਵੱਧ ਪਾਣੀ ਲੈਣ। ਇਸ ਨਾਲ ਜਿੱਥੇ ਖੇਤੀਬਾੜੀ ਲਈ ਲੋੜੀਂਦਾ ਪਾਣੀ ਮਿਲੇਗਾ, ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ ਹੜ੍ਹ ਦੇ ਖ਼ਤਰੇ ਨੂੰ ਵੀ ਟਾਲਿਆ ਜਾ ਸਕੇਗਾ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬਿਆਂ ਵੱਲੋਂ ਪਾਣੀ ਦੀ ਮੰਗ ਘੱਟ ਹੋਣ ਕਾਰਨ ਹੀ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿੱਚ ਵੀ ਪਾਣੀ ਦਾ ਪੱਧਰ 1326.52 ਫੁੱਟ ਦਰਜ ਕੀਤਾ ਗਿਆ, ਜੋ ਕਿ ਔਸਤ ਨਾਲੋਂ 19 ਫੁੱਟ ਅਤੇ ਪਿਛਲੇ ਸਾਲ ਨਾਲੋਂ 36 ਫੁੱਟ ਵੱਧ ਹੈ। ਦੱਸ ਦੇਈਏ ਕਿ ਗੋਬਿੰਦ ਸਾਗਰ ਝੀਲ 65 ਵਰਗ ਮੀਲ ਵਿੱਚ ਫੈਲੀ ਹੋਈ ਹੈ, ਜਿਸ ਵਿੱਚ 78 ਲੱਖ ਏਕੜ ਫੁੱਟ ਪਾਣੀ ਜਮ੍ਹਾਂ ਕਰਨ ਦੀ ਸਮਰੱਥਾ ਹੈ ਅਤੇ 20 ਸਤੰਬਰ ਤੱਕ ਹੋਰ ਪਾਣੀ ਆਉਣ ਦੀ ਉਮੀਦ ਹੈ।
ਪੰਜਾਬ ਵਿਧਾਨ ਸਭਾ ਕਮੇਟੀ ਵੱਲੋਂ ਪ੍ਰਾਜੈਕਟ ਦਾ ਜਾਇਜ਼ਾ
ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੀ ‘ਸਰਕਾਰੀ ਆਸ਼ਵਾਸਨ ਕਮੇਟੀ’ ਦੀ ਇੱਕ ਅਹਿਮ ਮੀਟਿੰਗ ਨੰਗਲ ਦੇ ਸਤਲੁਜ ਸਦਨ (BBMB ਗੈਸਟ ਹਾਊਸ) ਵਿਖੇ ਹੋਈ। ਇਸ ਮੀਟਿੰਗ ਦੀ ਅਗਵਾਈ ਕਮੇਟੀ ਮੈਂਬਰ ਅਤੇ ਵਿਧਾਇਕ ਦੇਵੇਂਦਰ ਸਿੰਘ ਲਾਡੀ ਢੋਸ ਨੇ ਕੀਤੀ। ਮੀਟਿੰਗ ਵਿੱਚ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਅਮਿਤ ਰਤਨ ਕੋਟਫੱਤਾ, ਵਿਧਾਇਕ ਕੁਲਦੀਪ ਸਿੰਘ ਅਤੇ ਕਈ ਹੋਰ ਉੱਚ ਅਧਿਕਾਰੀ ਸ਼ਾਮਲ ਹੋਏ।
ਮੀਟਿੰਗ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਭਾਖੜਾ ਪ੍ਰਾਜੈਕਟ ਦਾ ਦੌਰਾ ਕਰਕੇ ਇਸ ਦੇ ਸੰਚਾਲਨ, ਰੱਖ-ਰਖਾਅ ਅਤੇ ਹੋਰ ਗਤੀਵਿਧੀਆਂ ਦੀ ਜਾਣਕਾਰੀ ਲਈ। ਨਹਿਰੂ ਸੈਂਟਰ ਵਿਖੇ ਲੋਕ ਸੰਪਰਕ ਅਧਿਕਾਰੀ ਸਤਨਾਮ ਸਿੰਘ ਅਤੇ ਮੁੱਖ ਇੰਜਨੀਅਰ ਸੀ.ਪੀ. ਸਿੰਘ ਨੇ ਕਮੇਟੀ ਨੂੰ ਦੱਸਿਆ ਕਿ ਇਹ ਪ੍ਰਾਜੈਕਟ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ। ਇਸ ਮੌਕੇ ਵਿਧਾਨ ਸਭਾ ਅਤੇ ਭਾਖੜਾ ਡੈਮ ਦੇ ਕਈ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
