ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਮੇਰਾ ਆਪਣਾ ਪੰਜਾਬ-ਜਲੰਧਰ- (7 ਅਗਸਤ)- (ਨਵਜੋਤ ਮੱਟੂ): ਪ੍ਰਸਿੱਧ ਇਨਕਲਾਬੀ ਕਵੀ ਅਵਤਾਰ ਸਿੰਘ ‘ਪਾਸ਼’ ਅਤੇ ਉਨ੍ਹਾਂ ਦੇ ਸਾਥੀ ਹੰਸ ਰਾਜ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ ‘ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ’ ਵੱਲੋਂ ਉਸਾਰੇ ਗਏ ਯਾਦਗਾਰੀ ਕੰਪਲੈਕਸ ਦੇ ਮੁੱਖ ਦੁਆਰ ਦਾ ਤਾਲਾ ਤੋੜ ਕੇ ਬੇਹੁਰਮਤੀ ਕਰਨ ਅਤੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਪੰਜਾਬ ਦੀਆਂ ਪ੍ਰਮੁੱਖ ਸਾਹਿਤਕ ਅਤੇ ਸਮਾਜਿਕ ਜਥੇਬੰਦੀਆਂ ਨੇ ਸਖ਼ਤ ਨੋਟਿਸ ਲਿਆ ਹੈ।
ਇੱਕ ਸਾਂਝੇ ਬਿਆਨ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿਰਸਾ, ਸੂਬਾ ਪ੍ਰਧਾਨ ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਜਮਹੂਰੀ ਅਧਿਕਾਰ ਸਭਾ ਦੇ ਨੁਮਾਇੰਦੇ ਪ੍ਰੋ. ਜਗਮੋਹਨ ਸਿੰਘ ਤੇ ਡਾ. ਪਰਮਿੰਦਰ ਸਿੰਘ, ਅਤੇ ਪਲਸ ਮੰਚ ਦੇ ਨੁਮਾਇੰਦੇ ਅਮੋਲਕ ਸਿੰਘ, ਜਸਪਾਲ ਜੱਸੀ ਤੇ ਕੰਵਲਜੀਤ ਖੰਨਾ ਨੇ ਇਸ ਘਟਨਾ ‘ਤੇ ਗਹਿਰੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ।
ਸਰਪੰਚ ਅਤੇ ਹਮਾਇਤੀਆਂ ‘ਤੇ ਦੋਸ਼
ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਦੇ ਸਰਪੰਚ ਪਰਦੀਪ ਸਿੰਘ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਕੰਪਲੈਕਸ ਦੇ ਜਿੰਦਰੇ ਤੋੜ ਦਿੱਤੇ, ਅੰਦਰ ਝੂਲੇ ਲਗਾਉਣ ਲਈ ਪਾਈਪਾਂ ਗੱਡ ਦਿੱਤੀਆਂ ਅਤੇ ਯਾਦਗਾਰ ਦਾ ਇੱਕ ਗੇਟ ਵੀ ਲਾਹ ਕੇ ਲੈ ਗਏ। ਆਗੂਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸ਼ਹਿ ਪ੍ਰਾਪਤ ਸਰਪੰਚ ਵੱਲੋਂ ਕੀਤੀ ਗਈ ਇਹ ਕਾਰਵਾਈ ਸ਼ਹੀਦਾਂ ਦੀ ਯਾਦਗਾਰ ਦੀ ਸਿੱਧੀ ਬੇਹੁਰਮਤੀ ਹੈ।
ਲੇਖਕਾਂ ਤੇ ਬੁੱਧੀਜੀਵੀਆਂ ਵੱਲੋਂ ਕਾਰਵਾਈ ਦੀ ਮੰਗ
ਉੱਘੇ ਚਿੰਤਕ ਸਵਰਾਜਬੀਰ, ਪੰਜਾਬੀ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਇਤਿਹਾਸਕਾਰ ਸੁਵਰਨ ਸਿੰਘ ਵਿਰਕ, ਕਹਾਣੀਕਾਰ ਕਿਰਪਾਲ ਕਜ਼ਾਕ, ਬਲਦੇਵ ਮੋਗਾ, ਗੁਰਨਾਮ ਕੰਵਰ, ਲਾਭ ਸਿੰਘ ਖੀਵਾ, ਦੇਵਿੰਦਰ ਦਮਨ, ਮੱਖਣ ਮਾਨ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਸਰਬਜੀਤ ਕੌਰ ਸੋਹਲ, ਸ਼ਬਦੀਸ਼, ਅਤਰਜੀਤ ਸਿੰਘ, ਡਾ. ਪਾਲ ਕੌਰ, ਡਾ. ਗੁਲਜ਼ਾਰ ਪੰਧੇਰ, ਡਾ. ਅਨੂਪ ਸਿੰਘ, ਪ੍ਰੋ. ਬਲਦੇਵ ਬੱਲੀ, ਗੁਰਮੀਤ ਕੜਿਆਲਵੀ, ਡਾ. ਗੁਰਮੀਤ ਕੱਲਰਮਾਜ਼ਰੀ, ਰਮੇਸ਼ ਯਾਦਵ, ਜਸਪਾਲ ਮਾਨਖੇੜਾ, ਸੁਰਿੰਦਰ ਗਿੱਲ, ਦਰਸ਼ਨ ਜੋਗਾ, ਹਰਮੀਤ ਵਿਦਿਆਰਥੀ, ਡਾ. ਸੰਤੋਖ ਸੁੱਖੀ, ਸੁਖਵਿੰਦਰ ਪੱਪੀ, ਕੁਲਬੀਰ ਮਲਿਕ, ਅਮੀਰ ਸੁਲਤਾਨਾ, ਮਨਜੀਤ ਪੁਰੀ, ਖੁਸ਼ਵੰਤ ਬਰਗਾੜੀ, ਸਤਪਾਲ ਭੀਖੀ, ਕੁਲਦੀਪ ਚੌਹਾਨ, ਗੁਰਨੈਬ ਮੰਘਾਣੀਆਂ ਅਤੇ ਹਰਿਆਣਾ ਇਕਾਈ ਦੇ ਜਨਰਲ ਸਕੱਤਰ ਡਾ. ਹਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਬੁੱਧੀਜੀਵੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਸਰਪੰਚ ਅਤੇ ਉਸ ਦੇ ਹਮਾਇਤੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਅਗਲੀ ਰਣਨੀਤੀ ਦੀ ਚੇਤਾਵਨੀ
ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ 23 ਮਾਰਚ 1988 ਨੂੰ ਅੱਤਵਾਦੀਆਂ ਹੱਥੋਂ ਸ਼ਹੀਦ ਹੋਏ ਇਨਕਲਾਬੀ ਕਵੀ ਪਾਸ਼ ਅਤੇ ਹੰਸ ਰਾਜ ਦੀ ਯਾਦਗਾਰ ‘ਤੇ ਕਿਸੇ ਵੀ ਕਿਸਮ ਦਾ ਗੈਰ-ਕਾਨੂੰਨੀ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਨੇੜ ਭਵਿੱਖ ਵਿੱਚ ਹੋਰ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਵੱਡੀ ਪੱਧਰ ‘ਤੇ ਲਾਮਬੰਦੀ ਕੀਤੀ ਜਾਵੇਗੀ।