ਨਾਗਰਿਕਾਂ ਨੂੰ ਚੌਕਸ ਰਹਿਣ ਦੀ ਅਪੀਲ

ਜਲੰਧਰ/ਵਾਸ਼ਿੰਗਟਨ, 20 ਸਤੰਬਰ (ਬਿਊਰੋ): ਪੱਛਮੀ ਏਸ਼ੀਆ (ਮੱਧ ਪੂਰਬ) ਵਿੱਚ ਵਧਦੇ ਜੰਗੀ ਤਣਾਅ ਦੇ ਮੱਦੇਨਜ਼ਰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਆਪਣੇ ਨਾਗਰਿਕਾਂ ਲਈ ਇੱਕ ਗਲੋਬਲ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਮੱਧ-ਪੂਰਬ ਦੇ ਦੇਸ਼ਾਂ ਦੀ ਯਾਤਰਾ ਕਰਨ ਜਾਂ ਉੱਥੋਂ ਲੰਘਣ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਇਰਾਨ ਨਾਲ ਜਾਰੀ ਸੰਘਰਸ਼ ਤੇਜ਼ੀ ਨਾਲ ਵਧ ਸਕਦਾ ਹੈ, ਜਿਸ ਨਾਲ ਖੇਤਰ ਵਿੱਚ ਸੁਰੱਖਿਆ ਸਥਿਤੀ ਅਚਾਨਕ ਗੰਭੀਰ ਰੂਪ ਧਾਰਨ ਕਰ ਸਕਦੀ ਹੈ।
ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਇਰਾਨ ਅਤੇ ਉਸ ਦੇ ਸਮਰਥਿਤ ਸੰਗਠਨ ਵਿਦੇਸ਼ਾਂ ਵਿੱਚ ਅਮਰੀਕੀ ਹਿੱਤਾਂ, ਕਾਰੋਬਾਰਾਂ ਅਤੇ ਕੂਟਨੀਤਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਬਦਲਦੇ ਘਟਨਾਕ੍ਰਮ ਦਰਮਿਆਨ ਹਵਾਈ ਖੇਤਰ (Airspace) ਬੰਦ ਹੋਣ, ਉੱਡਾਣਾਂ ਰੱਦ ਹੋਣ ਅਤੇ ਯਾਤਰਾ ਵਿੱਚ ਵੱਡੇ ਵਿਘਨ ਪੈਣ ਦੀ ਪੂਰੀ ਸੰਭਾਵਨਾ ਹੈ। ਅਮਰੀਕੀ ਨਾਗਰਿਕਾਂ ਨੂੰ ਬੇਹੱਦ ਚੌਕਸ ਰਹਿਣ ਅਤੇ ਕਿਸੇ ਵੀ ਸੰਭਾਵੀ ਸੰਕਟ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਸਾਊਦੀ ਅਰਬ ‘ਤੇ ਹੂਤੀ ਹਮਲੇ ਤੇ ਰਿਆਦ ‘ਚ ਧਮਾਕਾ
ਇਹ ਐਡਵਾਈਜ਼ਰੀ ਅਜਿਹੇ ਸਮੇਂ ਆਈ ਹੈ ਜਦੋਂ ਯਮਨ ਦੇ ਹੂਤੀ ਬਾਗੀਆਂ ਨੇ ਸਾਊਦੀ ਅਰਬ ਵੱਲ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਤੇਜ਼ ਕਰ ਦਿੱਤੇ ਹਨ। ਲੰਘੇ ਦਿਨ ਸਾਊਦੀ ਰਾਜਧਾਨੀ ਰਿਆਦ ਵਿੱਚ ਇੱਕ ਜ਼ੋਰਦਾਰ ਧਮਾਕਾ ਸੁਣਿਆ ਗਿਆ ਅਤੇ ਹਵਾਈ ਅੱਡੇ ਨੇੜੇ ਆਸਮਾਨ ਵਿੱਚ ਕਾਲੇ ਧੂੰਏਂ ਦਾ ਗੁਬਾਰ ਦੇਖਿਆ ਗਿਆ। ਸਾਊਦੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰਿਆਦ ਵੱਲ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ। ਦੂਜੇ ਪਾਸੇ, ਹੂਤੀ ਫੌਜ ਦੇ ਤਰਜਮਾਨ ਯਾਹੀਆ ਸਾਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਰਿਆਦ ਦੇ ਸੰਵੇਦਨਸ਼ੀਲ ਟਿਕਾਣਿਆਂ ਅਤੇ ‘ਯਾਨਬੂ’ ਸਥਿਤ ‘ਅਰਾਮਕੋ’ ਦੀ ਤੇਲ ਰਿਫਾਇਨਰੀ ਨੂੰ ਕ੍ਰੂਜ਼, ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਹੈ।
ਵੱਖ-ਵੱਖ ਦੇਸ਼ਾਂ ਲਈ ਜਾਰੀ ਹਦਾਇਤਾਂ:
- ਸਾਊਦੀ ਅਰਬ (ਲੇਵਲ-3): ਅਮਰੀਕਾ ਨੇ ਸਾਊਦੀ ਅਰਬ ਲਈ ‘ਲੇਵਲ-3’ (ਯਾਤਰਾ ‘ਤੇ ਮੁੜ ਵਿਚਾਰ ਕਰੋ) ਦੀ ਚੇਤਾਵਨੀ ਬਰਕਰਾਰ ਰੱਖੀ ਹੈ। ਅਮਰੀਕੀ ਸਰਕਾਰੀ ਕਰਮਚਾਰੀਆਂ ਦੇ ਯਮਨ ਸਰਹੱਦ ਦੇ 20 ਮੀਲ ਦੇ ਘੇਰੇ ਵਿੱਚ ਜਾਣ ‘ਤੇ ਰੋਕ ਲਗਾਈ ਗਈ ਹੈ, ਕਿਉਂਕਿ ਨਸ਼ਟ ਕੀਤੀਆਂ ਮਿਜ਼ਾਈਲਾਂ ਦਾ ਮਲਬਾ ਵੀ ਜਾਨ-ਮਾਲ ਲਈ ਖ਼ਤਰਾ ਬਣ ਸਕਦਾ ਹੈ।
- ਯਮਨ (ਲੇਵਲ-4): ਯਮਨ ਲਈ ‘ਲੇਵਲ-4’ (ਯਾਤਰਾ ਬਿਲਕੁਲ ਨਾ ਕਰੋ) ਦੀ ਚੇਤਾਵਨੀ ਜਾਰੀ ਰੱਖੀ ਗਈ ਹੈ, ਜਿੱਥੇ ਅੱਤਵਾਦ, ਹਥਿਆਰਬੰਦ ਸੰਘਰਸ਼, ਅਗਵਾ ਅਤੇ ਗੰਭੀਰ ਅਸ਼ਾਂਤੀ ਦਾ ਵੱਡਾ ਖ਼ਤਰਾ ਹੈ।
- ਇਜ਼ਰਾਈਲ (ਲੇਵਲ-3): ਇਜ਼ਰਾਈਲ ਲਈ ਵੀ ‘ਲੇਵਲ-3’ ਦਾ ਅਲਰਟ ਜਾਰੀ ਹੈ। ਮੰਤਰਾਲੇ ਮੁਤਾਬਕ ਇਰਾਨੀ ਸਮਰਥਿਤ ਸਮੂਹ ਮੱਧ-ਪੂਰਬ ਤੋਂ ਬਾਹਰ ਵੀ ਅਮਰੀਕੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਹਨ।