
ਮੇਰਾ ਆਪਣਾ ਪੰਜਾਬ (ਅਮਿਤ ਸੱਭਰਵਾਲ, ਨੀਰਜ ਸਹੋਤਾ) – ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਅੱਡਾ ਬਿਆਸ ਪਿੰਡ ਨਜ਼ਦੀਕ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਦੁਪਹਿਰ 1 ਵਜੇ ਦੇ ਕਰੀਬ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਅੱਡਾ ਬਿਆਸ ਪਿੰਡ ਨਜ਼ਦੀਕ ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ ਹਨ, ਜਿਸ ਵਿੱਚ ਇੱਕ ਕਾਰ ਨੇ ਦੂਸਰੀ ਸਾਈਡ ਤੇ ਜਾ ਕੇ ਪਲਟੀਆਂ ਖਾਧੀਆਂ ਅਤੇ ਕਾਫੀ ਨੁਕਸਾਨੀ ਗਈ ਹੈ। ਇਸ ਉਪਰੰਤ ਐਸਐਸ ਐਫ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਆਲਟੋ ਕਾਰ ਕੇ 10 ਨੰ: ਐਚਪੀ 08 ਏ 2310 ਜਿਸ ਨੂੰ ਰੋਹਿਤ ਸ਼ਰਮਾ ਪੁੱਤਰ ਓਮਕਾਰ ਚੰਦ ਵਾਸੀ ਵਾਰਡ ਨੰਬਰ 03 ਘੰਗਰੇਟ ਊਨਾਂ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ। ਜੋ ਕਿ ਭੋਗਪੁਰ ਤੋਂ ਜਲੰਧਰ ਵੱਲ ਜਾ ਰਿਹਾ ਸੀ ਕਿ ਅੱਡਾ ਬਿਆਸ ਪਿੰਡ ਦੇ ਕੋਲ ਲਿੰਕ ਸੜਕ ਤੋਂ ਉਹਨਾਂ ਅੱਗੇ ਇੱਕ ਕਾਰ ਅਚਾਨਕ ਹਾਈਵੇ ਤੇ ਆ ਗਈ। ਜਿਸ ਨਾਲ ਉਨਾਂ ਦੀ ਗੱਡੀ ਆਲਟੋ ਕੇ 10 ਦੀ ਜਬਰਦਸਤ ਟੱਕਰ ਹੋ ਗਈ। ਅਤੇ ਜ਼ਬਰਦਸਤ ਟੱਕਰ ਹੋਣ ਕਾਰਨ ਉਹਨਾਂ ਦੀ ਕਾਰ ਪਲਟੀਆਂ ਖਾ ਕੇ ਰੋਡ ਦੇ ਦੂਸਰੇ ਪਾਸੇ ਜਾ ਪਹੁੰਚੀ। ਕਾਰ ਵਿੱਚ ਰੋਹਿਤ ਸ਼ਰਮਾ ਉਹਨਾਂ ਦੀ ਪਤਨੀ ਅਤੇ ਉਨਾਂ ਦੀ ਬੇਟੀ ਸਵਾਰ ਸਨ। ਜਿਨਾਂ ਦਾ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ,ਪਰ ਕਾਰ ਕਾਫੀ ਨੁਕਸਾਨੀ ਗਈ। ਐਸਐਸਐਫ ਦੇ ਕਰਮਚਾਰੀਆਂ ਨੇ ਦੱਸਿਆ ਕਿ ਲਿੰਕ ਰੋਡ ਤੋਂ ਹਾਈਵੇ ਤੇ ਚੜਨ ਵਾਲੀ ਕਾਰ ਦੀ ਕੋਈ ਪਛਾਣ ਨਹੀਂ ਹੋ ਸਕੀ ਅਤੇ ਜਿਸ ਦਾ ਡਰਾਈਵਰ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਸਬੰਧੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਪੁਲਿਸ ਚੌਂਕੀ ਅਲਾਵਲਪੁਰ ਦੇ ਇੰਚਾਰਜ ਏਐਸਆਈ ਪਰਮਜੀਤ ਸਿੰਘ ਨੂੰ ਸੂਚਿਤ ਕੀਤਾ ਗਿਆ।