

ਮੇਰਾ ਆਪਣਾ ਪੰਜਾਬ-ਸਮਰਾਲਾ -(ਬਿਊਰੋ): ਸਮਰਾਲਾ ਖੇਤਰ ਵਿੱਚ ਚਾਈਨਾ ਡੋਰ ਇੱਕ ਵਾਰ ਫਿਰ ਮੌਤ ਦਾ ਕਾਰਨ ਬਣੀ ਹੈ। ਟਿਊਸ਼ਨ ਪੜ੍ਹ ਕੇ ਮੋਟਰਸਾਈਕਲ ਰਾਹੀਂ ਘਰ ਪਰਤ ਰਹੇ ਇੱਕ ਵਿਦਿਆਰਥੀ ਦੇ ਗਲੇ ਵਿੱਚ ਅਚਾਨਕ ਚਾਈਨਾ ਡੋਰ ਆ ਗਈ, ਜਿਸ ਨਾਲ ਉਸਦੇ ਗਲੇ ‘ਤੇ ਗੰਭੀਰ ਜ਼ਖ਼ਮ ਹੋ ਗਿਆ।
ਘਟਨਾ ਪਿੰਡ ਮਤਲੜਾ ਨੇੜੇ ਰਾਤ ਦੇ ਸਮੇਂ ਵਾਪਰੀ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ, ਡੋਰ ਗਲੇ ਵਿੱਚ ਫਸਣ ਨਾਲ ਨੌਜਵਾਨ ਬਾਈਕ ਤੋਂ ਸੰਤੁਲਨ ਗੁਆ ਬੈਠਾ ਅਤੇ ਖੂਨ ਨਾਲ ਲੱਥਪੱਥ ਹੋ ਕੇ ਸੜਕ ‘ਤੇ ਡਿੱਗ ਪਿਆ। ਜ਼ਖ਼ਮੀ ਹਾਲਤ ਵਿੱਚ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ, ਜਿੱਥੇ ਮਾਂ ਸਮੇਤ ਸਾਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਰਿਵਾਰ ਦਾ ਕਹਿਣਾ ਹੈ ਕਿ ਇਹ ਮੌਤ ਸਿਰਫ਼ ਇੱਕ ਹਾਦਸਾ ਨਹੀਂ, ਸਗੋਂ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਨਤੀਜਾ ਹੈ।
ਮ੍ਰਿਤਕ ਦੇ ਦਾਦਾ ਜਸਪਾਲ ਸਿੰਘ ਨੇ ਦੱਸਿਆ ਕਿ ਸਮਰਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚਾਈਨਾ ਡੋਰ ਬਿਨਾਂ ਕਿਸੇ ਡਰ ਦੇ ਖੁੱਲ੍ਹੇਆਮ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਨੌਜਵਾਨ ਅਤੇ ਰਾਹਗੀਰ ਚਾਈਨਾ ਡੋਰ ਦੀ ਚਪੇਟ ‘ਚ ਆ ਕੇ ਜ਼ਖ਼ਮੀ ਹੋ ਚੁੱਕੇ ਹਨ, ਪਰ ਬਾਵਜੂਦ ਇਸਦੇ ਇਸ ਖ਼ਤਰਨਾਕ ਡੋਰ ‘ਤੇ ਰੋਕ ਲਗਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਦੀ ਵਿਕਰੀ ‘ਤੇ ਤੁਰੰਤ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
