
ਮੇਰਾ ਆਪਣਾ ਪੰਜਾਬ-(ਬਿਊਰੋ)- ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਵਿੱਚ ਸੂਬੇ ਦੀਆਂ ਔਰਤਾਂ, ਨੌਜਵਾਨਾਂ ਅਤੇ ਸਨਅਤਕਾਰਾਂ ਲਈ ਕਈ ਵੱਡੇ ਅਤੇ ਅਹਿਮ ਫੈਸਲੇ ਲਏ ਗਏ ਹਨ। ਮੀਟਿੰਗ ਵਿੱਚ ਆਉਂਦੀ 1 ਅਪ੍ਰੈਲ ਤੋਂ ਸੂਬੇ ਵਿੱਚ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਲਾਗੂ ਕਰਨ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਕੈਬਨਿਟ ਮੀਟਿੰਗ ਦੇ ਮੁੱਖ ਫੈਸਲੇ:
- ਔਰਤਾਂ ਲਈ ਵਿੱਤੀ ਸਹਾਇਤਾ: ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਅਤੇ ਅਨੁਸੂਚਿਤ ਜਾਤੀ (SC) ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਵਿੱਤੀ ਮਦਦ ਦਿੱਤੀ ਜਾਵੇਗੀ। ਸਰਕਾਰ ਮੁਤਾਬਕ ਇਸ ਯੋਜਨਾ ਦਾ ਸਿੱਧਾ ਲਾਭ ਪੰਜਾਬ ਦੀਆਂ ਲਗਭਗ 97 ਫ਼ੀਸਦੀ ਔਰਤਾਂ ਨੂੰ ਮਿਲੇਗਾ।
- ਨੌਜਵਾਨਾਂ ਲਈ ਰੁਜ਼ਗਾਰ: ਰੁਜ਼ਗਾਰ ਦੇ ਮੌਕੇ ਵਧਾਉਂਦੇ ਹੋਏ, ਮੰਤਰੀ ਮੰਡਲ ਨੇ ਯੋਜਨਾ ਵਿਭਾਗ ਵਿੱਚ 140 ਆਸਾਮੀਆਂ ‘ਤੇ ਸਿੱਧੀ ਭਰਤੀ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਝਾਰਖੰਡ ਸਥਿਤ ਪਛਵਾੜਾ ਕੋਲਾ ਖਾਣ (Coal Mine) ਦੇ ਕੰਮਕਾਜ ਲਈ ਵੀ ਨਵੇਂ ਸਟਾਫ ਦੀ ਭਰਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ।
- ਉਦਯੋਗਪਤੀਆਂ ਨੂੰ ਰਾਹਤ: ਸੂਬੇ ਵਿੱਚ ਸਨਅਤ ਨੂੰ ਪ੍ਰਫੁੱਲਤ ਕਰਨ ਲਈ ਉਦਯੋਗਿਕ ਪਲਾਟਾਂ ਨੂੰ ਲੀਜ਼ਹੋਲਡ (Leasehold) ਤੋਂ ਫਰੀਹੋਲਡ (Freehold) ਵਿੱਚ ਬਦਲਣ ਦੀ ਨੀਤੀ ਵਿੱਚ ਸੋਧ ਕਰਨ ਦੀ ਪ੍ਰਵਾਨਗੀ ਵੀ ਕੈਬਨਿਟ ਵੱਲੋਂ ਦਿੱਤੀ ਗਈ ਹੈ।
- ਸਤਲੁਜ ਦਰਿਆ ਦੀ ਸਫ਼ਾਈ: ਪੰਜਾਬ ਦੇ ਪਾਣੀਆਂ ਅਤੇ ਵਾਤਾਵਰਣ ਨੂੰ ਸਾਫ਼ ਰੱਖਣ ਦੇ ਮਕਸਦ ਨਾਲ ਕੈਬਨਿਟ ਨੇ ਸਤਲੁਜ ਦਰਿਆ ਦੀ ਸਫ਼ਾਈ ਦੇ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।