

ਮੇਰਾ ਆਪਣਾ ਪੰਜਾਬ-ਜਲੰਧਰ-(ਨਵਜੋਤ ਮੱਟੂ): ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਅੱਜ ਪੰਜਾਬ ਪ੍ਰੈੱਸ ਕਲੱਬ, ਜਲੰਧਰ ਵਿਖੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਵਿੱਚ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਤਿਹ ਮਾਰਚ ਦੇ ਕਨਵੀਨਰ ਜਸਵੰਤ ਸਿੰਘ ਛਾਪਾ, ਉੱਘੇ ਸਮਾਜਸੇਵੀ ਸੁਦੇਸ਼ ਵਿੱਜ, ਫਾਉਂਡੇਸ਼ਨ ਦੇ ਸਕੱਤਰ ਅਰੁਨ ਕੁਮਾਰ ਸਹਿਜਪਾਲ ਅਤੇ ਰਜਿੰਦਰ ਗੁਪਤਾ ਮੁੱਖ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਜਤਿੰਦਰ ਪਾਲ ਸਿੰਘ ਸਿੱਧੂ ਅਤੇ ਰਛਪਾਲ ਸਿੰਘ ਪਾਲ (ਪੰਜਾਬ ਦਾ ਰਫੀ) ਨੂੰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ।
ਮੁਗਲ ਸਾਮਰਾਜ ਦੇ ਖਾਤਮੇ ਦਾ ਇਤਿਹਾਸ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਬਾਵਾ ਅਤੇ ਛਾਪਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗੌਰਵਮਈ ਇਤਿਹਾਸ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਮਿਲਾਪ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਨੇ ਮਹਿਜ਼ ਦੋ ਸਾਲਾਂ ਦੇ ਅੰਦਰ ਹੀ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਮੁਗਲਾਂ ਦੇ 700 ਸਾਲ ਦੇ ਰਾਜ ਦਾ ਖਾਤਮਾ ਕਰਦੇ ਹੋਏ ਜ਼ਾਲਮ ਵਜ਼ੀਰ ਖਾਨ ਨੂੰ ਸੋਧਿਆ। ਇਸ ਤੋਂ ਬਾਅਦ 14 ਮਈ ਨੂੰ ਸਰਹਿੰਦ ‘ਤੇ ਫਤਿਹ ਦਾ ਝੰਡਾ ਲਹਿਰਾ ਕੇ ਬਾਜ਼ ਸਿੰਘ ਨੂੰ ਉੱਥੋਂ ਦਾ ਸੂਬੇਦਾਰ ਬਣਾਇਆ ਗਿਆ।
12 ਮਈ ਨੂੰ ਸਜੇਗਾ ‘ਵਿਸ਼ਾਲ ਫਤਿਹ ਮਾਰਚ’: ਫਾਊਂਡੇਸ਼ਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਸੰਤਾਂ ਮਹਾਂਪੁਰਸ਼ਾਂ ਅਤੇ ਨਿਹੰਗ ਸਿੰਘਾਂ ਦੀ ਅਗਵਾਈ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ, 12 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਭਵਨ, ਰਕਬਾ ਤੋਂ ਚੱਪੜਚਿੜੀ ਤੱਕ ਇੱਕ “ਵਿਸ਼ਾਲ ਫਤਿਹ ਮਾਰਚ” ਸਜਾਇਆ ਜਾਵੇਗਾ। ਇਸ ਤੋਂ ਇਲਾਵਾ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਵਿਖੇ ਫਤਿਹ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਵੀ ਆਯੋਜਿਤ ਕੀਤਾ ਜਾਵੇਗਾ।
ਪੰਜਾਬੀਆਂ ਅਤੇ ਕਿਸਾਨਾਂ ਨੂੰ ਖਾਸ ਅਪੀਲ: ਆਗੂਆਂ ਨੇ ਦੱਸਿਆ ਕਿ ਭਾਰਤ ਦੇ ਮਹਾਨ ਕਵੀ ਅਤੇ ਨੋਬਲ ਪੁਰਸਕਾਰ ਜੇਤੂ ਰਵਿੰਦਰ ਨਾਥ ਟੈਗੋਰ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੂਰਬੀਰਤਾ ‘ਤੇ ਕਵਿਤਾ ਲਿਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਸ. ਛਾਪਾ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ 14 ਮਈ ਨੂੰ ਸਰਹਿੰਦ ਫਤਿਹ ਦਿਵਸ ਮੌਕੇ ਆਪਣੇ ਘਰਾਂ ਵਿੱਚ ਦੇਸੀ ਘਿਓ ਦਾ ਦੀਵਾ ਜ਼ਰੂਰ ਬਾਲਣ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਜ਼ਰੂਰ ਲਗਾਉਣ, ਕਿਉਂਕਿ ਉਨ੍ਹਾਂ ਨੇ ਹੀ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਪਹਿਲੇ ਸਿੱਖ ਲੋਕ ਰਾਜ ਦੀ ਨੀਂਹ ਰੱਖੀ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਸੀ।

