

ਮੇਰਾ ਆਪਣਾ ਪੰਜਾਬ- ਜਲੰਧਰ/ਨਕੋਦਰ, 4 ਮਈ (ਨਵਜੋਤ ਮੱਟੂ): ਆਮ ਆਦਮੀ ਪਾਰਟੀ (AAP) ਦੇ ਛੇ ਬਾਗੀ ਸੰਸਦ ਮੈਂਬਰਾਂ ਵੱਲੋਂ ਪਾਰਟੀ ਨੂੰ ਅਲਵਿਦਾ ਆਖ ਕੇ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਣ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕਦਮ ਥਰਥੱਲੀ ਮਚ ਗਈ ਹੈ। ਇਸ ਸਿਆਸੀ ਉਥਲ-ਪੁਥਲ ਦਾ ਅਸਰ ਨਕੋਦਰ ਹਲਕੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਇਨ੍ਹਾਂ ਛੇ ਬਾਗੀ ਸੰਸਦ ਮੈਂਬਰਾਂ ਦੀਆਂ ਤਸਵੀਰਾਂ ਵਾਲੇ ਵਿਰੋਧੀ ਫਲੈਕਸ ਬੋਰਡ ਲੱਗ ਗਏ ਹਨ। ਇਨ੍ਹਾਂ ਬੋਰਡਾਂ ਉੱਪਰ ਸੰਸਦ ਮੈਂਬਰਾਂ ਨੂੰ “ਪੰਜਾਬ ਦੇ ਗੱਦਾਰ” ਲਿਖਿਆ ਗਿਆ ਹੈ।
ਡਾ. ਨਵਜੋਤ ਦਾਹੀਆ ਨੇ ਘਟੀਆ ਰਾਜਨੀਤੀ ‘ਤੇ ਚੁੱਕੇ ਸਵਾਲ: ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਅਤੇ ਹਲਕਾ ਨਕੋਦਰ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਇਹ ਸਭ ਲੋਕਤੰਤਰ ਦੀ ਮਰਿਆਦਾ ਦੇ ਖਿਲਾਫ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਵੋਟਰ ਅਜਿਹੀ ਘਟੀਆ ਰਾਜਨੀਤੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਬੋਰਡ ਲਾਉਣ ਵਾਲਿਆਂ ਦਾ ਨਾਮ ਗਾਇਬ, ਲੋਕਾਂ ‘ਚ ਬਣੀ ਚਰਚਾ: ਡਾ. ਦਾਹੀਆ ਨੇ ਦੱਸਿਆ ਕਿ ਨਕੋਦਰ ਹਲਕੇ ਵਿੱਚ ਵੱਖ-ਵੱਖ ਥਾਵਾਂ ‘ਤੇ ਲਗਾਏ ਗਏ ਇਨ੍ਹਾਂ “ਪੰਜਾਬ ਦੇ ਗੱਦਾਰ” ਨਾਮ ਵਾਲੇ ਫਲੈਕਸ ਬੋਰਡਾਂ ‘ਤੇ ਕਿਸੇ ਵੀ ਪਾਰਟੀ ਜਾਂ ਵਿਅਕਤੀ ਦਾ ਨਾਮ ਨਹੀਂ ਛਾਪਿਆ ਗਿਆ ਹੈ। ਬਿਨਾਂ ਨਾਮ ਵਾਲੇ ਇਨ੍ਹਾਂ ਬੋਰਡਾਂ ਨੂੰ ਦੇਖ ਕੇ ਨਕੋਦਰ ਹਲਕੇ ਦੇ ਲੋਕ ਵਾਰ-ਵਾਰ ਸੋਚਣ ਲਈ ਮਜਬੂਰ ਹਨ ਕਿ ਆਖਰ ਇਹ ਬੋਰਡ ਕਿਸ ਪਾਰਟੀ ਜਾਂ ਧੜੇ ਵੱਲੋਂ ਲਗਾਏ ਗਏ ਹਨ। ਖ਼ਬਰ ਲਿਖੇ ਜਾਣ ਤੱਕ ਇਹ ਬੋਰਡ ਲਗਾਉਣ ਵਾਲਿਆਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਸੀ।
2027 ਦੀਆਂ ਚੋਣਾਂ ਬਾਰੇ ਕਾਂਗਰਸ ਦਾ ਦਾਅਵਾ: ਆਪਣੀ ਪਾਰਟੀ ਦੀ ਮਜ਼ਬੂਤੀ ਦਾ ਦਾਅਵਾ ਕਰਦਿਆਂ ਡਾ. ਦਾਹੀਆ ਨੇ ਕਿਹਾ ਕਿ ਨਕੋਦਰ ਹਲਕੇ ਦੇ ਲੋਕ ਕਾਂਗਰਸ ਪਾਰਟੀ ਨਾਲ ਜ਼ਮੀਨੀ ਪੱਧਰ ‘ਤੇ ਜੁੜੇ ਹੋਏ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸੀ ਵੋਟਰ ਆਪਣਾ ਵਿਧਾਇਕ ਬਣਾ ਕੇ ਵਿਧਾਨ ਸਭਾ ਵਿੱਚ ਭੇਜਣਗੇ। ਉਨ੍ਹਾਂ ਕਿਹਾ ਕਿ 2027 ਵਿੱਚ ਪੰਜਾਬ ਦੇ ਵੋਟਰ ਦਲ-ਬਦਲੂ ਅਤੇ ਘਟੀਆ ਰਾਜਨੀਤੀ ਕਰਨ ਵਾਲੇ ਲੀਡਰਾਂ ਨੂੰ ਮੂੰਹ ਨਹੀਂ ਲਾਉਣਗੇ।
ਇਸ ਦੇ ਨਾਲ ਹੀ ਉਨ੍ਹਾਂ ਮੌਜੂਦਾ ਸੂਬਾ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਨਸ਼ੇ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ, ਜਿਸ ਦਾ ਜਵਾਬ ਲੋਕ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਦੇਣਗੇ।