

ਮੇਰਾ ਆਪਣਾ ਪੰਜਾਬ- ਜਲੰਧਰ/ਨਕੋਦਰ, 5 ਮਈ (ਲਖਵਿੰਦਰ ਸਿੰਘ ਆਧੀ): ਜਨਗਣਨਾ ਵਾਲੇ ਪ੍ਰੋਫਾਰਮੇ ਵਿੱਚ ਅਨੁਸੂਚਿਤ ਜਾਤੀ (SC) ਭਾਈਚਾਰੇ ਵਾਲੇ ਖਾਨੇ ਵਿੱਚ ਇੱਕ ਜਾਤੀ ਸੂਚਕ ਸ਼ਬਦ ਦੀ ਵਰਤੋਂ ਕੀਤੇ ਜਾਣ ਦਾ ਮਾਮਲਾ ਭਖ ਗਿਆ ਹੈ। ਇਸ ਦੇ ਵਿਰੋਧ ਵਿੱਚ ਮਜ਼ਦੂਰ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਇਸ ਘਟਨਾ ਦੇ ਰੋਸ ਵਜੋਂ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਨੇ ਨਕੋਦਰ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਵਰਜਿਤ ਸ਼ਬਦ ਦੀ ਵਰਤੋਂ ਕਰਨਾ ਭਾਈਚਾਰੇ ਦਾ ਅਪਮਾਨ: ਨਕੋਦਰ ਦੇ ਸਤਿਗੁਰੂ ਰਵਿਦਾਸ ਚੌਕ ਵਿਖੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਜੋ ਸ਼ਬਦ ਕਾਨੂੰਨੀ ਤੌਰ ‘ਤੇ ਵਰਜਿਤ (ਬੈਨ) ਕਰਾਰ ਦਿੱਤਾ ਹੋਇਆ ਹੈ ਅਤੇ ਜਿਸ ਦੀ ਵਰਤੋਂ ਨਾਲ ਭਾਈਚਾਰਾ ਅਪਮਾਨਿਤ ਮਹਿਸੂਸ ਕਰਦਾ ਹੈ, ਪੰਜਾਬ ਸਰਕਾਰ ਵੱਲੋਂ ਉਸਨੂੰ ਸਰਕਾਰੀ ਪ੍ਰੋਫਾਰਮੇ ਵਿੱਚ ਛਾਪਣਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੈਰ-ਜ਼ਿੰਮੇਵਾਰਾਨਾ ਕੰਮ ਜਾਣ-ਬੁੱਝ ਕੇ ਮਜ਼ਦੂਰਾਂ ਅਤੇ ਦਲਿਤ ਭਾਈਚਾਰੇ ਨੂੰ ਅਪਮਾਨਿਤ ਕਰਨ ਲਈ ਕੀਤਾ ਗਿਆ ਹੈ, ਜਿਸ ਲਈ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਦੋਸ਼ੀ ਹੈ।
ਦਲਿਤ ਆਗੂਆਂ ਅਤੇ SC ਕਮਿਸ਼ਨ ਦੀ ਚੁੱਪ ‘ਤੇ ਚੁੱਕੇ ਸਵਾਲ: ਮਜ਼ਦੂਰ ਆਗੂਆਂ ਨੇ ਪੰਜਾਬ ਵਿਧਾਨ ਸਭਾ ਵਿੱਚ ਬੈਠੇ SC ਭਾਈਚਾਰੇ ਦੇ ਨੁਮਾਇੰਦਿਆਂ ਨੂੰ ਵੀ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਵਿਧਾਨ ਸਭਾ ਵਿੱਚ ਬੈਠੇ ਕਿਸੇ ਵੀ ਲੀਡਰ ਨੂੰ ਇਹ ਅਪਮਾਨਿਤ ਸ਼ਬਦ ਨਜ਼ਰ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਨੇ ਇਸ ਪ੍ਰਤੀ ਆਪਣੀ ਕੋਈ ਜ਼ਿੰਮੇਵਾਰੀ ਸਮਝੀ ਹੈ। ਇਸਦੇ ਨਾਲ ਹੀ ਉਨ੍ਹਾਂ SC ਕਮਿਸ਼ਨ ਵੱਲੋਂ ਵੀ ਇਸ ਗੰਭੀਰ ਮਾਮਲੇ ਦਾ ਨੋਟਿਸ ਨਾ ਲੈਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ।
ਅਧਿਕਾਰੀਆਂ ‘ਤੇ ਪਰਚਾ ਦਰਜ ਕਰਨ ਦੀ ਮੰਗ: ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਸ ਸ਼ਬਦ ਨੂੰ ਬੋਲਣ ‘ਤੇ ਲੜਾਈ-ਝਗੜੇ ਹੋ ਜਾਂਦੇ ਹਨ ਅਤੇ ਅਦਾਲਤਾਂ ਵਿੱਚ ਕੇਸ ਚੱਲਦੇ ਹਨ, ਉਸਨੂੰ ਸਰਕਾਰੀ ਪ੍ਰੋਫਾਰਮੇ ਵਿੱਚ ਵਰਤਣਾ ਸਿੱਧੇ ਤੌਰ ‘ਤੇ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਇਸ ਵਿਵਾਦਤ ਸ਼ਬਦ ਨੂੰ ਤੁਰੰਤ ਪ੍ਰੋਫਾਰਮੇ ਵਿੱਚੋਂ ਹਟਾਇਆ ਜਾਵੇ ਅਤੇ ਅਜਿਹੀ ਅਣਗਹਿਲੀ ਕਰਨ ਵਾਲੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਤੁਰੰਤ ਪਰਚਾ ਦਰਜ ਕੀਤਾ ਜਾਵੇ।
ਇਹ ਆਗੂ ਰਹੇ ਹਾਜ਼ਰ: ਇਸ ਰੋਸ ਪ੍ਰਦਰਸ਼ਨ ਦੌਰਾਨ ਹੋਰਨਾਂ ਤੋਂ ਇਲਾਵਾ ਮਜ਼ਦੂਰ ਆਗੂ ਗਿਆਨ ਸੈਦਪੁਰੀ, ਹਰਪਾਲ ਬਿੱਟੂ, ਸੁਖਜਿੰਦਰ ਲਾਲੀ, ਨਛੱਤਰ ਨਾਹਰ, ਦਲਬੀਰ ਸਹੋਤਾ, ਸਤਨਾਮ ਉੱਗੀ ਅਤੇ ਕਿਸਾਨ ਆਗੂ ਮਨੋਹਰ ਸਿੰਘ ਗਿੱਲ ਨੇ ਵੀ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਆਪਣਾ ਰੋਸ ਪ੍ਰਗਟ ਕੀਤਾ।
