

ਮੇਰਾ ਆਪਣਾ ਪੰਜਾਬ-ਜਲੰਧਰ-(20 ਮਈ)-(ਨਵਜੋਤ ਮੱਟੂ): 1984 ਸਿੱਖ ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ (ਪੰਜਾਬ) ਵੱਲੋਂ ਅੱਜ ਪੰਜਾਬ ਪ੍ਰੈੱਸ ਕਲੱਬ, ਜਲੰਧਰ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਸ. ਸੁਰਜੀਤ ਸਿੰਘ ਅਤੇ ਦੰਗਾ ਪੀੜਤ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਪੀੜਤ ਪਰਿਵਾਰਾਂ ਨਾਲ ਵਾਅਦਾਖਿਲਾਫੀ ਅਤੇ ਧੋਖਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਸਰਕਾਰ ‘ਤੇ ਵਾਅਦਾਖਿਲਾਫੀ ਦਾ ਦੋਸ਼: ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਮੌਜੂਦਾ ਸਰਕਾਰ ਨੂੰ ਤਕਰੀਬਨ ਸਵਾ-ਚਾਰ ਸਾਲ ਦਾ ਸਮਾਂ ਹੋ ਗਿਆ ਹੈ। ਪੰਜਾਬ ਵਿੱਚ ਰਹਿ ਰਹੇ ਕਰੀਬ 25 ਹਜ਼ਾਰ ਦੰਗਾ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਪਿਛਲੀ ਸਰਕਾਰ ਅਤੇ ਪੰਜਾਬ-ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਮੁਤਾਬਕ ਕਈ ਅਹਿਮ ਫ਼ੈਸਲੇ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਸਾਇਟੀ ਨੂੰ ਮਿਲਣ ਲਈ 6 ਵਾਰ ਸਮਾਂ ਦਿੱਤਾ ਗਿਆ, ਪਰ ਹਰ ਵਾਰ ਮੀਟਿੰਗ ਰੱਦ ਕਰ ਦਿੱਤੀ ਗਈ।
ਵਿੱਤ ਮੰਤਰੀ ਨਾਲ ਹੋਈ ਮੀਟਿੰਗ ਦੇ ਫੈਸਲੇ: ਕਈ ਮੁਜ਼ਾਹਰਿਆਂ ਤੋਂ ਬਾਅਦ, ਆਖ਼ਰੀ ਮੀਟਿੰਗ 15 ਸਤੰਬਰ 2025 ਨੂੰ ਵਿੱਤ ਮੰਤਰੀ ਨਾਲ ਚੰਡੀਗੜ੍ਹ ਵਿਖੇ ਹੋਈ ਸੀ, ਜਿਸ ਵਿੱਚ ਹੇਠ ਲਿਖੇ ਅਹਿਮ ਫੈਸਲੇ ਲਾਗੂ ਕਰਨ ਦੀ ਸਹਿਮਤੀ ਬਣੀ ਸੀ:
- ਪੰਜਾਬ ਵਿੱਚ ਰਹਿ ਰਹੇ ਹਰੇਕ ਦੰਗਾ ਪੀੜਤ ਪਰਿਵਾਰ ਨੂੰ ਮਕਾਨ ਦੀ ਅਲਾਟਮੈਂਟ ਕੀਤੀ ਜਾਵੇਗੀ।
- ਹਰੇਕ ਜ਼ਿਲ੍ਹੇ ਵਿੱਚ ਕਾਰੋਬਾਰ ਕਰਨ ਲਈ ਪੀੜਤਾਂ ਨੂੰ ਬੂਥ ਬਣਾ ਕੇ ਦਿੱਤੇ ਜਾਣਗੇ।
- ਪੀੜਤ ਪਰਿਵਾਰਾਂ ਦੇ ਪੜ੍ਹੇ-ਲਿਖੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।
- ਲੁਧਿਆਣਾ ਵਿੱਚ ਕਾਂਗਰਸ ਸਰਕਾਰ ਸਮੇਂ ਰੱਦ ਕੀਤੇ ਗਏ 150 ਲਾਲ ਕਾਰਡ ਮੁੜ ਬਹਾਲ ਕੀਤੇ ਜਾਣਗੇ।
ਨੋਟੀਫਿਕੇਸ਼ਨ ‘ਚ ਕੀਤੇ ਗਏ ਫੈਸਲੇ ਰੱਦ: ਆਗੂਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਮੁੜ ਵਸੇਬੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਤਾਂ ਉਸ ਵਿੱਚ ਇਹ ਸਾਰੇ ਫੈਸਲੇ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ 25,000 ਦੰਗਾ ਪੀੜਤ ਪਰਿਵਾਰਾਂ ਨਾਲ ਬਹੁਤ ਵੱਡਾ ਧੋਖਾ ਅਤੇ ਕੋਝਾ ਮਜ਼ਾਕ ਹੈ, ਜਿਸ ਕਾਰਨ ਪੀੜਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
15 ਦਿਨਾਂ ਦਾ ਅਲਟੀਮੇਟਮ ਅਤੇ ਮਰਨ ਵਰਤ ਦੀ ਚੇਤਾਵਨੀ: ਸੁਸਾਇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ। ਉਨ੍ਹਾਂ ਬੇਨਤੀ ਕੀਤੀ ਕਿ ਸੁਸਾਇਟੀ ਨੂੰ ਬੁਲਾ ਕੇ ਮੁੜ ਵਸੇਬੇ ਦੇ ਫੈਸਲੇ ਤੁਰੰਤ ਲਾਗੂ ਕੀਤੇ ਜਾਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ 1984 ਦੰਗਾ ਪੀੜਤ ਪਰਿਵਾਰਾਂ ਦੀਆਂ 5 ਵਿਧਵਾ ਬੀਬੀਆਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਮਰਨ ਵਰਤ ‘ਤੇ ਬੈਠਣਗੀਆਂ।
ਇਹ ਆਗੂ ਰਹੇ ਹਾਜ਼ਰ: ਇਸ ਪ੍ਰੈੱਸ ਕਾਨਫਰੰਸ ਦੌਰਾਨ ਚੇਅਰਮੈਨ ਗੁਰਦੇਵ ਸਿੰਘ, ਸਕੱਤਰ ਦਲਜੀਤ ਸਿੰਘ ਸੋਨੀ, ਰਾਣੀ ਧਾਲੀਵਾਲ, ਅਮਰਜੀਤ ਸਿੰਘ ਰਾਜਪਾਲ, ਇੰਦਰਪਾਲ ਸਿੰਘ ਵਿੱਕੀ, ਕਸ਼ਮੀਰ ਸਿੰਘ ਰਈਆ, ਸੁਖਦੇਵ ਸਿੰਘ ਅੰਮ੍ਰਿਤਸਰ, ਦੇਸਾ ਸਿੰਘ ਅੰਮ੍ਰਿਤਸਰ, ਸਤਨਾਮ ਸਿੰਘ, ਬਖਸ਼ੀਸ਼ ਸਿੰਘ, ਬਲਜੀਤ ਸਿੰਘ ਹੈਬੋਵਾਲ, ਗੁਰਮੀਤ ਕੌਰ, ਗੁਰਦੇਵ ਕੌਰ, ਧਰਮਿੰਦਰ ਸਿੰਘ ਅਤੇ ਹਰਮੀਤ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
