

ਮੇਰਾ ਆਪਣਾ ਪੰਜਾਬ- ਜਲੰਧਰ (17 ਜੂਨ)-(ਨਵਜੋਤ ਮੱਟੂ): ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ਦੁਨੀਆ ਭਰ ਵਿੱਚ ਮਿਸਾਲ ਬਣ ਚੁੱਕੀ ਸੰਸਥਾ ‘ਖਾਲਸਾ ਏਡ’ ਦੇ ਵੱਡੇ ਯਤਨਾਂ ਸਦਕਾ ਲਿਬਨਾਨ ਵਿੱਚ ਫਸੇ ਪੰਜਾਬ ਦੇ ਪੰਜ ਨੌਜਵਾਨ ਸੁਰੱਖਿਅਤ ਆਪਣੇ ਵਤਨ ਭਾਰਤ ਪਰਤ ਆਏ ਹਨ। ਇਹ ਨੌਜਵਾਨ ਅਮਰੀਕਾ-ਈਰਾਨ ਵਿਚਾਲੇ ਚੱਲ ਰਹੇ ਰਾਜਨੀਤਿਕ ਤਣਾਅ ਕਾਰਨ ਲਿਬਨਾਨ ਵਿੱਚ ਬਣੇ ਅਸਥਿਰ ਅਤੇ ਖ਼ਤਰਨਾਕ ਹਾਲਾਤਾਂ ਕਾਰਨ ਉੱਥੇ ਫਸ ਗਏ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖਾਲਸਾ ਏਡ (ਭਾਰਤ) ਦੇ ਟਰੱਸਟੀ ਜਸਪ੍ਰੀਤ ਸਿੰਘ ਦਾਹੀਆ ਨੇ ਪ੍ਰੈੱਸ ਕਲੱਬ ਜਲੰਧਰ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਬੇਰੂਤ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਸੀ ਮੁਲਾਕਾਤ
ਜਸਪ੍ਰੀਤ ਸਿੰਘ ਦਾਹੀਆ ਨੇ ਦੱਸਿਆ ਕਿ ਲਿਬਨਾਨ ਵਿੱਚ ਵਧੇ ਤਣਾਅ ਕਾਰਨ ਪੰਜਾਬ ਦੇ ਇਹ ਨੌਜਵਾਨ ਲੰਬੇ ਸਮੇਂ ਤੋਂ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਸਨ। ਖਾਲਸਾ ਏਡ ਦੇ ਮੁਖੀ ਸਰਦਾਰ ਰਵੀ ਸਿੰਘ ਲਿਬਨਾਨ ਵਿੱਚ ਚੱਲ ਰਹੇ ਰਾਹਤ ਕਾਰਜਾਂ ਦੌਰਾਨ ਬੇਰੂਤ ਸਥਿਤ ਗੁਰਦੁਆਰਾ ਸਾਹਿਬ ਵਿਖੇ ਇਨ੍ਹਾਂ ਨੌਜਵਾਨਾਂ ਨੂੰ ਮਿਲੇ ਸਨ। ਨੌਜਵਾਨਾਂ ਨੇ ਉਨ੍ਹਾਂ ਨੂੰ ਆਪਣੀ ਵਤਨ ਵਾਪਸੀ ਵਿੱਚ ਆ ਰਹੀਆਂ ਕਾਨੂੰਨੀ ਤੇ ਆਰਥਿਕ ਮੁਸ਼ਕਲਾਂ ਬਾਰੇ ਦੱਸਿਆ, ਜਿਸ ਤੋਂ ਬਾਅਦ ਸੰਸਥਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ।

ਭਾਰਤ ਸਰਕਾਰ ਤੇ ਦੂਤਾਵਾਸ ਦੇ ਸਹਿਯੋਗ ਨਾਲ ਹੋਈ ਵਾਪਸੀ
ਸਰਦਾਰ ਰਵੀ ਸਿੰਘ ਤੋਂ ਜਾਣਕਾਰੀ ਮਿਲਣ ਮਗਰੋਂ ਭਾਰਤੀ ਟੀਮ ਨੇ ਤੁਰੰਤ ਭਾਰਤ ਸਰਕਾਰ ਦੇ ਸਾਬਕਾ ਵਿਦੇਸ਼ ਸਚਿਵ ਅਤੇ ਮੌਜੂਦਾ ਰਾਜਪਾਲ ਤਰਨਜੀਤ ਸਿੰਘ ਸੰਧੂ ਨਾਲ ਸੰਪਰਕ ਸਾਧਿਆ। ਉਨ੍ਹਾਂ ਦੇ ਸਹਿਯੋਗ ਸਦਕਾ ਬੇਰੂਤ ਸਥਿਤ ਭਾਰਤੀ ਦੂਤਾਵਾਸ (Embassy) ਨਾਲ ਤਾਲਮੇਲ ਕੀਤਾ ਗਿਆ। ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਖਾਲਸਾ ਏਡ ਅਤੇ ਭਾਰਤੀ ਦੂਤਾਵਾਸ ਦੇ ਸਾਂਝੇ ਯਤਨਾਂ ਸਦਕਾ ਨੌਜਵਾਨਾਂ ਦੀ ਘਰ ਵਾਪਸੀ ਸੰਭਵ ਹੋ ਸਕੀ।
ਵਤਨ ਪਰਤਣ ਵਾਲੇ ਨੌਜਵਾਨਾਂ ਦੇ ਨਾਮ:
- ਕਰਮ ਸਿੰਘ (ਪਟਿਆਲਾ)
- ਦਲਬੀਰ ਸਿੰਘ (ਜਲੰਧਰ)
- ਹਰਜਿੰਦਰ ਕੁਮਾਰ (ਜਲੰਧਰ)
- ਸਮਪ੍ਰੀਤ ਸਿੰਘ (ਪਟਿਆਲਾ)
- ਵਚਿੱਤਰ ਸਿੰਘ (ਹੁਸ਼ਿਆਰਪੁਰ)
ਧੁੰਦਲੀ ਪੈ ਚੁੱਕੀ ਸੀ ਘਰ ਪਰਤਣ ਦੀ ਉਮੀਦ: ਨੌਜਵਾਨ
ਵਤਨ ਪਰਤੇ ਨੌਜਵਾਨਾਂ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਲਿਬਨਾਨ ਦੇ ਖ਼ੌਫ਼ਨਾਕ ਮਾਹੌਲ ਕਾਰਨ ਉਹ ਮਾਨਸਿਕ ਤੌਰ ‘ਤੇ ਬਹੁਤ ਪ੍ਰੇਸ਼ਾਨ ਸਨ ਅਤੇ ਉਨ੍ਹਾਂ ਦੀ ਘਰ ਪਰਤਣ ਦੀ ਉਮੀਦ ਮੁੱਕ ਚੁੱਕੀ ਸੀ। ਪਰ ਖਾਲਸਾ ਏਡ ਨੇ ਹਰ ਮੋੜ ‘ਤੇ ਉਨ੍ਹਾਂ ਦਾ ਸਾਥ ਦਿੱਤਾ। ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਖਾਲਸਾ ਏਡ, ਰਵੀ ਸਿੰਘ, ਜਸਪ੍ਰੀਤ ਸਿੰਘ ਦਾਹੀਆ, ਭਾਰਤੀ ਦੂਤਾਵਾਸ ਅਤੇ ਤਰਨਜੀਤ ਸਿੰਘ ਸੰਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ।

50 ਤੋਂ ਵੱਧ ਦੇਸ਼ਾਂ ਵਿੱਚ ਚੱਲ ਰਹੀ ਹੈ ਸੇਵਾ: ਦਾਹੀਆ
ਜਸਪ੍ਰੀਤ ਸਿੰਘ ਦਾਹੀਆ ਨੇ ਆਖਿਆ ਕਿ ਖਾਲਸਾ ਏਡ ਦਾ ਮਿਸ਼ਨ ਸਿਰਫ਼ ਰਾਸ਼ਨ ਵੰਡਣਾ ਨਹੀਂ, ਸਗੋਂ ਮੁਸੀਬਤ ਵਿੱਚ ਫਸੇ ਇਨਸਾਨਾਂ ਨੂੰ ਨਵੀਂ ਜ਼ਿੰਦਗੀ ਦੇਣਾ ਹੈ। ਸੰਸਥਾ ਅੱਜ ਵਿਸ਼ਵ ਦੇ 50 ਤੋਂ ਵੱਧ ਦੇਸ਼ਾਂ ਵਿੱਚ ਯੁੱਧ, ਹੜ੍ਹ, ਭੂਚਾਲ ਅਤੇ ਕੁਦਰਤੀ ਆਫ਼ਤਾਂ ਦੌਰਾਨ ਬਿਨਾਂ ਕਿਸੇ ਧਰਮ ਜਾਂ ਜਾਤ ਦੇ ਭੇਦਭਾਵ ਦੇ ਸੇਵਾ ਕਰ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ-ਵਸੇਬੇ ਲਈ ਪੱਕੇ ਮਕਾਨਾਂ ਦੀ ਉਸਾਰੀ ਅਤੇ ਕਿਸਾਨਾਂ ਲਈ ਖੇਤੀਬਾੜੀ ਸਹਾਇਤਾ ਵਰਗੇ ਲੰਬੇ ਸਮੇਂ ਦੇ ਪ੍ਰੋਜੈਕਟਾਂ ‘ਤੇ ਲਗਾਤਾਰ ਕੰਮ ਚੱਲ ਰਿਹਾ ਹੈ।

