ਮੇਰਾ ਆਪਣਾ ਪੰਜਾਬ-ਜਲੰਧਰ- (5 ਸਤੰਬਰ)-(ਨਵਜੋਤ ਮੱਟੂ): ਲੋਹੀਆਂ ਖਾਸ ਦੇ ਮੁਹੱਲਾ ਡੁਮਾਣਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਇੱਕ ਭਰਵੀਂ ਮੀਟਿੰਗ ਯੂਨੀਅਨ ਆਗੂ ਗੁਰਮੀਤ ਸਿੰਘ ਕੋਟਲੀ ਅਤੇ ਸੁਰਿੰਦਰ ਡੁਮਾਣਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਮੌਜੂਦਾ ਸਮੇਂ ਦੇ ਗੰਭੀਰ ਮਸਲਿਆਂ ਜਿਵੇਂ ਕਿ ਦਿਨੋਂ ਦਿਨ ਵਧ ਰਹੀ ਮਹਿੰਗਾਈ , ਨਿੱਤ ਦੀਆਂ ਖਾਣ ਪੀਣ ਵਾਲੀਆ ਚੀਜ਼ਾਂ ਦੇ ਮੁੱਲ ਵਧ ਰਹੇ ਹਨ ਨਸ਼ਿਆਂ ਦਾ ਦੌਰ ਅਤੇ ਪੁਲਿਸ ਤੇ ਸਮਾਜਿਕ ਜਬਰ ਵਿਰੁੱਧ ਡੂੰਘੀ ਵਿਚਾਰ-ਚਰਚਾ ਕੀਤੀ ਗਈ।
ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਆਮ ਲੋਕਾਂ ਅਤੇ ਮਜ਼ਦੂਰ ਵਰਗ ਦਾ ਜਿਊਣਾ ਦੁਭਰ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਅਤੇ ਇਸ ਗੰਭੀਰ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਲੋਕਾਂ ਨੂੰ ਖੁਦ ਲਾਮਬੰਦ ਹੋਣਾ ਪਵੇਗਾ।
ਮੀਟਿੰਗ ਦੇ ਅੰਤ ਵਿੱਚ ਇੱਕ ਅਹਿਮ ਫੈਸਲਾ ਲੈਂਦਿਆਂ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ ਆਉਂਦੀ 9 ਸਤੰਬਰ ਨੂੰ ਮਨਾਏ ਜਾ ਰਹੇ ਉਨ੍ਹਾਂ ਦੇ ਜਨਮ ਦਿਵਸ ਸਮਾਗਮ ਵਿੱਚ ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ। ਯੂਨੀਅਨ ਆਗੂਆਂ ਨੇ ਮਜ਼ਦੂਰਾਂ ਤੇ ਇਨਕਲਾਬੀ ਵਿਚਾਰਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਇਸ ਸਮਾਗਮ ਵਿੱਚ ਵਧ-ਚੜ੍ਹ ਕੇ ਪਹੁੰਚਣ ਦੀ ਜ਼ੋਰਦਾਰ ਅਪੀਲ ਕੀਤੀ। ਇਸ ਮੌਕੇ ਬਹੁਤ ਸਾਰੇ ਮਜ਼ਦੂਰ ਹਾਜ਼ਰ ਸਨ।