ਕਿਸਾਨਾਂ ਦੀਆਂ ਵਧੀਆਂ ਚਿੰਤਾਵਾਂ
ਮੇਰਾ ਆਪਣਾ ਪੰਜਾਬ : 29 ਅਕਤੂਬਰ-(ਬਿਊਰੋ): ਪੰਜਾਬ ਵਿੱਚ ਅਕਤੂਬਰ ਮਹੀਨੇ ਦੇ ਆਖਰੀ ਦਿਨਾਂ ਵਿੱਚ ਜਿੱਥੇ ਇੱਕ ਪਾਸੇ ਝੋਨੇ ਦੀ ਵਾਢੀ ਜ਼ੋਰਾਂ ’ਤੇ ਹੈ ਅਤੇ ਕਿਸਾਨ ਫਸਲ ਮੰਡੀਆਂ ਵਿੱਚ ਪਹੁੰਚਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਨੇ ਸੂਬੇ ਵਿੱਚ 29 ਅਤੇ 30 ਅਕਤੂਬਰ ਨੂੰ ਮੌਸਮ ਦਾ ਮਿਜ਼ਾਜ ਬਦਲਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣ ਅਤੇ ਕਈ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ-ਨਾਲ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਗਿਆਨੀਆਂ ਨੇ ਆਉਂਦੇ ਦੋ ਦਿਨਾਂ ਲਈ ਕਈ ਜ਼ਿਲ੍ਹਿਆਂ ਵਿੱਚ ਓਰੈਂਜ ਅਤੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ।
ਕਿਸਾਨਾਂ ਦੇ ਸਾਹ ਸੂਤੇ, ਬਾਸਮਤੀ ਕਾਸ਼ਤਕਾਰਾਂ ਨੂੰ ਸਤਾ ਰਿਹਾ ਫ਼ਸਲ ਦੇ ਨੁਕਸਾਨ ਦਾ ਡਰ
ਅਗਲੇ ਦਿਨਾਂ ਵਿੱਚ ਮੌਸਮ ਖ਼ਰਾਬ ਹੋਣ ਦੀ ਖ਼ਬਰ ਸੁਣਦਿਆਂ ਹੀ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਮੌਸਮ ਵਿਭਾਗ ਅਨੁਸਾਰ 29 ਅਕਤੂਬਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਪਟਿਆਲਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਓਰੈਂਜ ਅਲਰਟ ਰਹੇਗਾ, ਜਦਕਿ 30 ਅਕਤੂਬਰ ਨੂੰ ਹੁਸ਼ਿਆਰਪੁਰ, ਰੂਪਨਗਰ ਅਤੇ ਨਾਲ ਲੱਗਦੇ ਇਲਾਕਿਆਂ ਲਈ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਬਾਕੀ ਹਿੱਸਿਆਂ ਵਿੱਚ ਵੀ ਬੱਦਲਵਾਈ ਅਤੇ ਕਿਣ-ਮਿਣ ਹੋ ਸਕਦੀ ਹੈ।
ਖ਼ਾਸ ਕਰਕੇ ਗੜੇਮਾਰੀ ਦੀ ਚਿਤਾਵਨੀ ਨੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਚਿੰਤਾ ਕਾਫੀ ਵਧਾ ਦਿੱਤੀ ਹੈ। ਕਿਸਾਨਾਂ ਨੂੰ ਡਰ ਹੈ ਕਿ ਜੇਕਰ ਮੀਂਹ ਅਤੇ ਗੜੇ ਪਏ ਤਾਂ ਖੇਤਾਂ ਵਿੱਚ ਪੱਕੀ ਹੋਈ ਬਾਸਮਤੀ ਦੀ ਫ਼ਸਲ ਡਿੱਗ ਸਕਦੀ ਹੈ, ਜਿਸ ਨਾਲ ਫ਼ਸਲ ਦਾ ਝਾੜ ਭਾਰੀ ਪੱਧਰ ‘ਤੇ ਘਟ ਸਕਦਾ ਹੈ।
ਤਾਪਮਾਨ ਵਿੱਚ ਆਵੇਗੀ ਗਿਰਾਵਟ, ਠੰਢ ਦਾ ਅਹਿਸਾਸ ਵਧੇਗਾ
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋ ਦਿਨਾਂ ਦੇ ਖ਼ਰਾਬ ਮੌਸਮ ਤੋਂ ਬਾਅਦ ਪੰਜਾਬ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾਵੇਗੀ, ਜਿਸ ਨਾਲ ਸਮੇਂ ਤੋਂ ਪਹਿਲਾਂ ਠੰਢ ਦਸਤਕ ਦੇ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਬੀਤੇ ਦਿਨ ਬਠਿੰਡਾ ਸ਼ਹਿਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ,ਦੂਜੇ ਪਾਸੇ ਫਰੀਦਕੋਟ ਸਭ ਤੋਂ ਠੰਢਾ ਰਿਹਾ ਜਿੱਥੇ ਘੱਟ ਤੋਂ ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕਰਵਾ ਚੌਥ ’ਤੇ ਮੌਸਮ ਦਾ ਰੁਖ਼ ਅਤੇ ਚੰਨ ਨਿਕਲਣ ਦਾ ਸਮਾਂ
ਅੱਜ 29 ਅਕਤੂਬਰ ਨੂੰ ਕਰਵਾ ਚੌਥ ਦੇ ਤਿਉਹਾਰ ਮੌਕੇ ਸੂਬੇ ਭਰ ਵਿੱਚ ਬੱਦਲਵਾਈ ਰਹਿਣ ਅਤੇ ਕਈ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਵੱਖ-ਵੱਖ ਸ਼ਹਿਰਾਂ ਵਿੱਚ ਚੰਨ ਨਿਕਲਣ ਦਾ ਸੰਭਾਵਿਤ ਸਮਾਂ ਹੇਠ ਲਿਖੇ ਅਨੁਸਾਰ ਰਹੇਗਾ:
ਪਟਿਆਲਾ, ਲੁਧਿਆਣਾ, ਰੂਪਨਗਰ: ਰਾਤ 8:10 ਵਜੇ
ਮੋਹਾਲੀ ਅਤੇ ਚੰਡੀਗੜ੍ਹ: ਰਾਤ 8:09 ਵਜੇ
ਅੰਮ੍ਰਿਤਸਰ, ਜਲੰਧਰ ਅਤੇ ਕਪੂਰਥਲਾ: ਰਾਤ 8:12 ਵਜੇ
ਮੋਗਾ: ਰਾਤ 8:13 ਵਜੇ
ਬਠਿੰਡਾ ਅਤੇ ਮਾਨਸਾ: ਰਾਤ 8:16 ਵਜੇ