
ਮੇਰਾ ਆਪਣਾ ਪੰਜਾਬ, ਆਦਮਪੁਰ (ਨੀਰਜ ਸਹੋਤਾ) : ਵਧਦੀ ਅਬਾਦੀ ‘ਤੇ ਕਾਬੂ ਪਾਉਣ ਅਤੇ ਖੁਸ਼ਹਾਲ ਪਰਿਵਾਰਾਂ ਦੀ ਨੀਂ ਰੱਖਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੁਲਦੀਪ ਸਿੰਘ ਦੀ ਦੇਖਰੇਖ ਵਿੱਚ 21 ਨਵੰਬਰ ਤੋਂ ਇਸਦੀ ਸ਼ੁਰੂਆਤ ਕੀਤੀ ਗਈ। ਪਹਿਲੇ ਹਫ਼ਤੇ ਵਿੱਚ ਯੋਗ ਜੋੜਿਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਪਰਿਵਾਰ ਨਿਯੋਜਨ ਦਾ ਮਹੱਤਵ ਸਮਝਾਇਆ ਜਾਵੇਗਾ ਅਤੇ ਦੂਸਰੇ ਹਫ਼ਤੇ ਵਿੱਚ ਪਰਿਵਾਰ ਨਿਯੋਜਨ ਸੇਵਾਵਾਂ ਦਿੱਤੀਆਂ ਜਾਣਗੀਆਂ।
ਪੰਦਰਵਾੜੇ ਸਬੰਧੀ ਸਟਾਫ ਦੀ ਮੀਟਿੰਗ ਲੈਣ ਦੌਰਾਨ ਐਸਐਮਓ ਡਾ. ਕੁਲਦੀਪ ਸਿੰਘ ਨੇ ਨਿਰਦੇਸ਼ ਦਿੱਤੇ ਕਿ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਮਹੱਤਵ ਅਤੇ ਫਾਇਦਿਆਂ ਬਾਰੇ ਦੱਸਿਆ ਜਾਵੇ ਅਤੇ ਪਰਿਵਾਰ ਨਿਯੋਜਨ ਦੇ ਉਪਲਬਧ ਸਾਧਨ ਜਿਵੇਂ ਕਿ ਅੰਤਰਾ ਇੰਜੈਕਸ਼ਨ, ਓਰਲ ਪਿਲਸ, ਕੰਡੋਮ, ਕਾਪਰ-ਟੀ, ਪੀਪੀਆਈਯੂਸੀਡੀ ਅਤੇ ਪੱਕੇ ਸਾਧਨ ਜਿਵੇਂ ਕਿ ਨਲਬੰਦੀ ਅਤੇ ਨਸਬੰਦੀ ਬਾਰੇ ਜਾਣੂ ਕਰਵਾਇਆ ਜਾਵੇ। ਨਾਲ ਹੀ ਹਰੇਕ ਸਿਹਤ ਕੇਂਦਰ ‘ਤੇ ਇਨ੍ਹਾਂ ਸੇਵਾਵਾਂ ਦੀ ਉਪਲਬਧਤਾ ਸਬੰਧੀ ਇੱਕ ਬਾਸਕੇਟ ਬਣਾ ਕੇ ਰੱਖੀ ਜਾਵੇ। ਪੰਦਰਵਾੜੇ ਦਰਮਿਆਨ ਖਾਸ ਤੌਰ ‘ਤੇ ਪਰਿਵਾਰ ਨਿਯੋਜਨ ਵਿੱਚ ਮਰਦਾਂ ਦੀ ਭਾਗੀਦਾਰੀ ਵਧਾਉਣ ਵੱਲ ਧਿਆਨ ਦਿੱਤਾ ਜਾਵੇ।
ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਪੰਦਰਵਾੜੇ ਦੌਰਾਨ ਵੱਧ ਤੋਂ ਵੱਧ ਮਰਦਾਂ ਤੱਕ ਪਹੁੰਚ ਕੀਤੀ ਜਾਵੇਗੀ। ਜਿਨ੍ਹਾਂ ਪਰਿਵਾਰਾਂ ਦੇ ਦੋ ਜਾਂ ਇਸ ਤੋਂ ਵੱਧ ਬੱਚੇ ਹਨ, ਉਨ੍ਹਾਂ ਵਿੱਚ ਮਰਦਾਂ ਨੂੰ ਵਿਸ਼ੇਸ਼ ਚੀਰਾ ਰਹਿਤ ਨਸਬੰਦੀ ਕਰਵਾਉਣ ਬਾਰੇ ਮੋਟੀਵੇਟ ਕੀਤਾ ਜਾਵੇਗਾ। ਉਨ੍ਹਾਂ ਸਟਾਫ ਨੂੰ ਕਿਹਾ ਕਿ ਹਰੇਕ ਆਯੂਸ਼ਮਾਨ ਆਰੋਗਿਆ ਕੇਂਦਰਾਂ ‘ਤੇ ਆਸ਼ਾ ਵਰਕਰਾਂ ਅਤੇ ਪੇਂਡੂ ਸਿਹਤ ਸਫਾਈ ਅਤੇ ਪੋਸ਼ਣ ਕਮੇਟੀ ਦੀ ਮੀਟਿੰਗ ਬੁਲਾ ਕੇ ਇਸ ਪੰਦਰਵਾੜੇ ਬਾਰੇ ਦੱਸਿਆ ਜਾਵੇ।