

ਮੇਰਾ ਆਪਣਾ ਪੰਜਾਬ-(ਬਿਊਰੋ)- (ਜਲੰਧਰ): ਪੰਜਾਬ ਭਰ ਵਿੱਚ ਵੀ.ਐੱਲ.ਈ (VLE) ਵੀਰਾਂ ਦੇ ਹੱਕਾਂ ਅਤੇ ਆਮ ਜਨਤਾ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਸੰਸਥਾ ‘ਡਿਜੀਟਲ ਪੀਪਲ ਐਸੋਸੀਏਸ਼ਨ (DPA ਪੰਜਾਬ)’ ਦੀ ਕੋਰ ਟੀਮ ਵੱਲੋਂ ਅੱਜ ਜਲੰਧਰ ਦੇ ਮਾਨਯੋਗ ਡਿਪਟੀ ਕਮਿਸ਼ਨਰ (DC) ਸਾਹਿਬ ਅਤੇ ਐੱਸ.ਡੀ.ਐੱਮ. (SDM) ਸਾਹਿਬ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ DPA ਦੀ ਟੀਮ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ 19 ਅਪ੍ਰੈਲ ਨੂੰ ਲੱਗਣ ਜਾ ਰਹੇ ਵਿਸ਼ੇਸ਼ MMSY ਰਜਿਸਟ੍ਰੇਸ਼ਨ ਕੈਂਪ ਦਾ ਸੱਦਾ ਪੱਤਰ ਸੌਂਪਿਆ ਗਿਆ।
ਜਾਣਕਾਰੀ ਦਿੰਦਿਆਂ DPA ਦੇ ਪ੍ਰਧਾਨ ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਮਿਤੀ 19 ਅਪ੍ਰੈਲ 2026 (ਐਤਵਾਰ) ਨੂੰ ਜਮਸ਼ੇਰ ਖਾਸ ਵਿਖੇ ‘ਮੁੱਖ ਮੰਤਰੀ ਸਿਹਤ ਯੋਜਨਾ’ (MMSY) ਤਹਿਤ 10 ਲੱਖ ਰੁਪਏ ਵਾਲੇ ਸਿਹਤ ਕਾਰਡ ਬਣਾਉਣ ਲਈ ਇੱਕ ਵਿਸ਼ਾਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦਾ ਮੁੱਖ ਮਕਸਦ ਪਿੰਡ ਪੱਧਰ ‘ਤੇ ਲੋੜਵੰਦ ਲੋਕਾਂ ਨੂੰ ਸਰਕਾਰ ਦੀਆਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣਾ ਹੈ।

ਮੁਲਾਕਾਤ ਦੌਰਾਨ ਡੀ.ਸੀ. ਅਤੇ ਐੱਸ.ਡੀ.ਐੱਮ. ਸਾਹਿਬ ਨੇ DPA ਪੰਜਾਬ ਵੱਲੋਂ ਕੀਤੇ ਜਾ ਰਹੇ ਇਸ ਲੋਕ-ਭਲਾਈ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਨੇ ਅਧਿਕਾਰੀਆਂ ਨੂੰ ਕੈਂਪ ਵਿੱਚ ਉਚੇਚੇ ਤੌਰ ‘ਤੇ ਪਹੁੰਚ ਕੇ ਵੀ.ਐੱਲ.ਈ ਵੀਰਾਂ ਅਤੇ ਆਮ ਜਨਤਾ ਦਾ ਹੌਂਸਲਾ ਵਧਾਉਣ ਦੀ ਬੇਨਤੀ ਵੀ ਕੀਤੀ।
DPA ਟੀਮ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 19 ਅਪ੍ਰੈਲ ਨੂੰ ਜਮਸ਼ੇਰ ਖਾਸ ਵਿਖੇ ਪਹੁੰਚ ਕੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ।

