

ਮੇਰਾ ਆਪਣਾ ਪੰਜਾਬ-ਜਲੰਧਰ-(ਨਵਜੋਤ ਮੱਟੂ): ਬਾਲ ਸਹਿਤਕਾਰ ਸਾਡੇ ਦੇਸ ਦਾ ਸਰਮਾਇਆ ਹਨ, ਇਹਨਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜਨਾ ਸਾਡਾ ਸਭ ਦਾ ਫਰਜ਼ ਹੈ । ਇਸ ਤਹਿਤ ਹੀ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਰਾਹੀਂ ਅਸੀਂ ਬੱਚਿਆਂ ਨੂੰ ਬਾਲ ਸਹਿਤਕਾਰ ਬਣਨ ਦੀ ਚਿਣਗ ਲਾ ਰਹੇ ਹਾਂ। ਮੇਰਾ ਵਾਅਦਾ ਹੈ ਕਿ ਇਹਨਾਂ ਬੱਚਿਆਂ ਦੀ ਬਾਂਹ ਫੜ੍ਹਨ ਨਾਲ ਇਹ ਬਾਲ ਸਹਿਤਕਾਰ ਇੱਕ ਦਿਨ ਸਹਿਤ ਦੇ ਖੇਤਰ ਵਿੱਚ ਨਵਾਂ ਅਧਿਆਇ ਸਿਰਜਣਗੇ, ਇਹਨਾਂ ਦੇ ਸਿਰਜੇ ਹੋਏ ਇਤਿਹਾਸ ਨੂੰ ਕਦੇ ਅਣਗੌਲਿਆ ਨਹੀਂ ਕੀਤਾ ਜਾ ਸਕੇਗਾ। ਇਹਨਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਨੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਭਵਨ ਦੇ ਉਪਰਾਲੇ ਸਦਕਾ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਤਹਿਤ 3 ਮਈ 2026 ਨੂੰ ਇਕ ਰੋਜ਼ਾ ਦੂਸਰੀ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਵਿਖੇ ਕਰਵਾਈ ਜਾ ਰਹੀ ਹੈ। ਜਿਸ ਵਿੱਚ ਪੰਜਾਬ ਦੇ ਜਿਲਿਆਂ ਤੋਂ ਇਲਾਵਾ ਬਾਹਰਲੇ ਰਾਜਾਂ ਅਤੇ ਹੋਰ ਦੇਸ਼ਾਂ ਤੋਂ ਲਗਭਗ 600 ਦੇ ਕਰੀਬ ਬਾਲ ਲੇਖਕ ਭਾਗ ਲੈ ਰਹੇ ਹਨ। ਬੱਚਿਆਂ ਦੀ ਹੌਸਲਾ ਅਫਜਾਈ ਕਰਨ ਲਈ ਬਾਲ ਸਾਹਿਤ ਨਾਲ ਜੁੜੇ ਲੇਖਕ ਅਤੇ ਯੂਨੀਵਰਸਿਟੀਆਂ ਦੇ ਉੱਚ ਅਧਿਕਾਰੀ ਵੀ ਪਹੁੰਚ ਰਹੇ ਹਨ। ਇਸ ਕਾਨਫਰੰਸ ਦਾ ਮੁੱਖ ਮਕਸਦ ਇਹਨਾਂ ਬਾਲ ਸਾਹਿਤਕਾਰਾਂ ਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਦੀ ਚਿਣਗ ਲਾਉਣਾ ਹੈ, ਤਾਂ ਜੋ ਇਹਨਾਂ ਬੱਚਿਆਂ ਨੂੰ ਵੀ ਵੱਡਾ ਮੰਚ ਮਿਲ ਸਕੇ, ਜਿਸ ਸਦਕਾ ਇਹ ਬੱਚੇ ਹੋਰ ਅੱਗੇ ਵਧ ਸਕਣਗੇ । ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਤੇ ਗੁਰਵਿੰਦਰ ਸਿੰਘ ਕਾਂਗੜ ਸੀਨੀਅਰ ਸਹਿ ਪ੍ਰੋਜੈਕਟ ਇੰਚਾਰਜ ਨੇ ਦੱਸਿਆ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਵਿਖੇ ਦੂਸਰੀ ਬਾਲ ਲੇਖਕ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਅਕਾਲ ਕਾਲਜ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਪਿਛਲੇ ਸਾਲ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਕਰਵਾ ਚੁੱਕੇ ਹਾਂ ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਰਾਜਸਥਾਨ ਦੇ ਵਿੱਚ ਦੋ ਕਾਨਫਰੰਸਾਂ ਕਰਵਾ ਚੁੱਕੇ ਹਾਂ। ਉਹਨਾਂ ਵੱਲੋਂ ਫ਼ਗਵਾੜਾ ਵਿਖੇ ਕਰਵਾਈ ਜਾ ਰਹੀ ਕਾਨਫਰੰਸ ਵਿਚ ਵਿਸ਼ੇਸ਼ ਸਹਿਯੋਗ ਦੇਣ ਲਈ ਸ੍ਰੀ ਅਸ਼ੋਕ ਮਹਿਰਾ ਇੰਟਰਨੈਸ਼ਨਲ ਕੋਆਰਡੀਨੇਟਰ ਮਿਸ਼ਨ ਹਨੇਰੇ ਤੋਂ ਚਾਨਣ ਵੱਲ, ਸ.ਜੋਰਾਵਰ ਸਿੰਘ ਪ੍ਰਿੰਸੀਪਲ ਕੈਂਬਰਿਜ ਇਟਰਨੈਸ਼ਨਲ ਸਕੂਲ ਫ਼ਗਵਾੜਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਡਾ. ਬੀ ਐੱਸ ਘੁੰਮਣ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਐੱਸ.ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ. ਅਮਰਪਾਲ ਸਿੰਘ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਪ੍ਰੋ.ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ, ਸ. ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ, ਸ. ਸੁਖਵਿੰਦਰ ਸਿੰਘ ਫੁੱਲ ਇੰਚਾਰਜ ਅਜੀਤ ਉੱਪ ਦਫ਼ਤਰ ਸੰਗਰੂਰ, ਸ੍ਰੀ ਤ੍ਰੈਲੋਚਨ ਲੋਚੀ ਪ੍ਰਸਿੱਧ ਲੇਖਕ, ਡਾ.ਦਰਸ਼ਨ ਸਿੰਘ ਆਸ਼ਟ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੇਤਾ,ਸ੍ਰੀ ਬਲਜਿੰਦਰ ਮਾਨ ਸ਼੍ਰੋਮਣੀ ਬਾਲ ਸਾਹਿਤਕਾਰ ਜੀ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ। ਇਸ ਕਾਨਫਰੰਸ ਵਿੱਚ ਵੱਖ ਵੱਖ ਜਿਲ੍ਹਿਆਂ ਤੋਂ ਪੁੱਜ ਰਹੇ ਬੱਚਿਆਂ ਲਈ ਟਰਾਂਸਪੋਰਟ ਦਾ ਵਿਸ਼ੇਸ਼ ਪ੍ਰਬੰਧ ਅਤੇ ਖਾਣ ਪੀਣ ਦਾ ਪ੍ਰਬੰਧ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਕੀਤਾ ਗਿਆ ਹੈ,ਉਹਨਾਂ ਦੱਸਿਆ ਕਿ ਕਾਨਫਰੰਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਹ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰੇਗੀ। ਇਸ ਮੌਕੇ ਸਤੀਸ਼ ਜੌੜਾ ਮੀਡੀਆ ਸਲਾਹਕਾਰ ਪੰਜਾਬ ਭਵਨ ਸਰੀ ਕੈਨੇਡਾ,ਅਵਤਾਰ ਸਿੰਘ ਚੋਟੀਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ,ਭੀਮ ਸਿੰਘ ਇੰਟਰਨੈਸ਼ਨਲ ਕੋਆਰਡੀਨੇਟਰ ਆਨਲਾਈਨ ਟ੍ਰੇਨਿੰਗ, ਬਲਜੀਤ ਸਿੰਘ ਸੇਖਾ ਜ਼ਿਲ੍ਹਾ ਪ੍ਰਧਾਨ ਮੋਗਾ,ਅਨਿਲ ਕੁਮਾਰ ਬਠਿੰਡਾ ਆਦਿ ਸ਼ਾਮਿਲ ਸਨ।
